ਨਵਾਂਸ਼ਹਿਰ/ਕਾਠਗੜ੍ਹ, 18 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜ਼ਿਲ੍ਹੇ ਭਰ ਵਿੱਚ ਬੱਚਿਆਂ ਲਈ ਖੇਡ ਮੈਦਾਨ ਬਣਾਏ ਜਾ ਰਹੇ ਹਨ। ਇਸੇ ਤਹਿਤ ਪਿੰਡ ਰੈਲ ਮਾਜਰਾ ਵਿਖੇ ਵੀ ਇੱਕ ਖੇਡ ਮੈਦਾਨ ਬਣਾਇਆ ਗਿਆ, ਪਰ ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਪਿੰਡ ਦੇ ਕੁਝ ਲੋਕਾਂ ਨੇ ਇਸ ਦੇ ਵਿਕਾਸ ਕਾਰਜਾਂ ’ਤੇ ਸਵਾਲ ਉਠਾਉਂਦਿਆਂ ਇਸ ਵਿੱਚ ਘਪਲੇਬਾਜ਼ੀ ਦੇ ਦੋਸ਼ ਲਾਏ। ਇਹ ਸਵਾਲ ਵੀ ਉਠਾਇਆ ਗਿਆ ਕਿ 25 ਲੱਖ ਰੁਪਏ ਕਿੱਥੇ ਖਰਚ ਕੀਤੇ ਗਏ।

ਇਸ ਮਾਮਲੇ ਸਬੰਧੀ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਅੱਜ ਬਾਅਦ ਦੁਪਹਿਰ ਰੈਲ ਮਾਜਰਾ ਦੇ ਖੇਡ ਮੈਦਾਨ ਦਾ ਦੌਰਾ ਕੀਤਾ। ਸ਼ਿਕਾਇਤਕਰਤਾ ਵੀ ਵਿਧਾਇਕ ਦੇ ਦੌਰੇ ਸਮੇਂ ਉੱਥੇ ਮੌਜੂਦ ਸਨ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੈਲ ਮਾਜਰਾ ਦੇ ਇਸ ਖੇਡ ਮੈਦਾਨ ਵਿੱਚ ਸਰਕਾਰ ਵੱਲੋਂ ਕੁਝ ਕੰਮ ਕਰਵਾਇਆ ਗਿਆ ਸੀ ਅਤੇ ਲਾਈਟਾਂ ਲਗਵਾਈਆਂ ਗਈਆਂ ਸਨ। ਇਸ ਦਾ ਉਦਘਾਟਨ ਬੀਤੇ ਦਿਨ ਹੀ ਕੀਤਾ ਗਿਆ ਸੀ।

ਖੇਡ ਮੈਦਾਨ ਦਾ ਨਿਰੀਖਣ ਕਰਨ ਤੋਂ ਬਾਅਦ ਵਿਧਾਇਕ ਸੰਤੋਸ਼ ਕਟਾਰੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਦਾਨ ਵਿੱਚ ਕਰਵਾਏ ਗਏ ਕੰਮ ਵਿੱਚ ਜੇਕਰ ਕੋਈ ਹੇਰਾਫੇਰੀ ਹੋਈ ਹੈ ਤਾਂ ਭਾਵੇਂ ਉਹ ਠੇਕੇਦਾਰ ਹੋਵੇ ਜਾਂ ਸਰਕਾਰੀ ਮੁਲਾਜ਼ਮ, ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਵਿਧਾਇਕ ਨੇ ਕਿਹਾ ਕਿ ਪੰਚਾਇਤ ਵੱਲੋਂ ਸਰਕਾਰ ਨੂੰ ਜਿਹੜੀ ਜਗ੍ਹਾ ਦਿੱਤੀ ਗਈ ਸੀ, ਉਸੇ ’ਤੇ ਖੇਡ ਮੈਦਾਨ ਬਣਾਇਆ ਗਿਆ ਹੈ। ਇਹ ਕਹਿ ਕੇ ਉਹ ਆਪਣੀ ਗੱਡੀ ਵਿੱਚ ਬੈਠ ਕੇ ਉੱਥੋਂ ਚਲੇ ਗਏ।

ਦੂਜੇ ਪਾਸੇ, ਸ਼ਿਕਾਇਤਕਰਤਾ ਰੈਲ ਮਾਜਰਾ ਦੇ ਤੇਜੀ ਮਾਂਗਟ ਅਤੇ ਜਗਵੀਰ ਸਿੰਘ ਸਹੂੰਗੜਾ, ਜਿਨ੍ਹਾਂ ਨੇ ਚੋਣ ਲੜਨ ਦਾ ਐਲਾਨ ਵੀ ਕੀਤਾ ਹੋਇਆ ਹੈ, ਨੇ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਸਕੂਲ ਦੇ ਅੰਦਰ ਖੇਡ ਮੈਦਾਨ ਸਬੰਧੀ ਲਗਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਵਾਲਾ ਬੋਰਡ ਪਾੜ ਦਿੱਤਾ। ਉਨ੍ਹਾਂ ਕਿਹਾ ਕਿ ਸਕੂਲ ਦੇ ਅੰਦਰ ਸਿਆਸੀ ਬੋਰਡ ਨਹੀਂ ਲੱਗੇਗਾ ਅਤੇ ਉੱਥੇ ਭਗਤ ਸਿੰਘ ਤੇ ਰਾਜਗੁਰੂ ਵਰਗੇ ਸ਼ਹੀਦਾਂ ਦੇ ਬੋਰਡ ਲਗਾਏ ਜਾਣੇ ਚਾਹੀਦੇ ਹਨ।

ਇਸ ਸਬੰਧ ਵਿੱਚ ਪਿੰਡ ਰੈਲ ਮਾਜਰਾ ਦੇ ਸਰਪੰਚ ਸਿਕੰਦਰ ਸਿੰਘ ਲਾਂਦੀ, ਜੋ ਮੌਕੇ ’ਤੇ ਮੌਜੂਦ ਨਹੀਂ ਸਨ, ਨੇ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਚਾਇਤ ਦਾ ਇਸ ਕੰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਪੰਚਾਇਤ ਨੇ ਇਹ ਕੰਮ ਕਰਵਾਇਆ ਹੈ। ਮੌਕੇ ’ਤੇ ਮੌਜੂਦ ਜੂਨੀਅਰ ਇੰਜੀਨੀਅਰ ਭਗਵੰਤ ਸਿੰਘ ਨੇ ਦੱਸਿਆ ਕਿ ਕੁਝ ਕੰਮ ਅਜੇ ਅਧੂਰਾ ਹੈ ਅਤੇ ਬਾਕੀ ਕੰਮ ਹੋਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਰਹਿੰਦੇ ਕੰਮ ਬਾਰੇ ਜਾਣਕਾਰੀ ਮੌਜੂਦਾ ਠੇਕੇਦਾਰ ਹੀ ਦੇ ਸਕਦਾ ਹੈ, ਪਰ ਠੇਕੇਦਾਰ ਮੌਕੇ ’ਤੇ ਨਹੀਂ ਪਹੁੰਚਿਆ।