ਫਗਵਾੜਾ, 17 ਨਵੰਬਰ (ਹਰੀਸ਼ ਭੰਡਾਰੀ):- ਸਿਰਜਣਾ ਆਰਟ ਗਰੁੱਪ ਰਾਏਕੋਟ ਰਾਹੀਂ ਮਾਲਵਾ ਖੇਤਰ ਵਿੱਚ ਰੰਗਮੰਚ ਦੀ ਅਲਖ ਜਗਾਉਣ ਵਾਲੇ ਰੰਗਕਰਮੀ ਅਤੇ ਨਿਰਦੇਸ਼ਕ ਬਲਬੀਰ ਬੱਲੀ ਦਾ 16 ਨਵੰਬਰ ਦੀ ਦੇਰ ਸ਼ਾਮ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਨਾਲ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਦੇ ਦਿਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਸੰਧੂ ਵਰਿਆਣਵੀ ਅਤੇ ਮੀਤ ਪ੍ਰਧਾਨ ਜਗਦੀਸ਼ ਰਾਣਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਲਬੀਰ ਬੱਲੀ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿਸਟਰਡ ਦੇ ਸੂਬਾਈ ਆਗੂ ਸਨ। 55 ਸਾਲਾ ਬੱਲੀ ਨੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਟੀ.ਵੀ. ਅਤੇ ਸਿਨੇਮਾ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਸੀ ਅਤੇ ਜਲੰਧਰ ਦੂਰਦਰਸ਼ਨ ਦੇ ਨਾਲ-ਨਾਲ ਦਿੱਲੀ ਦੂਰਦਰਸ਼ਨ ਲਈ ਵੀ ਕੰਮ ਕੀਤਾ ਸੀ।
ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮਾਂ ‘ਵਿਰਾਸਤ’ ਅਤੇ ‘ਸੰਦਲੀ ਪੈੜਾਂ’ ਵਿੱਚ ਬਤੌਰ ਅਦਾਕਾਰ ਭੂਮਿਕਾ ਨਿਭਾਉਣ ਵਾਲੇ ਬਲਬੀਰ ਬੱਲੀ ਨੇ ਪੰਜਾਬੀ ਫਿਲਮ ‘ਬਦਲਾ ਜੱਟੀ ਦਾ’ ਵਿੱਚ ਚੀਫ ਅਸਿਸਟੈਂਟ ਡਾਇਰੈਕਟਰ ਵਜੋਂ ਵੀ ਅਹਿਮ ਭੂਮਿਕਾ ਨਿਭਾਈ। ਬਤੌਰ ਅਦਾਕਾਰ ਉਨ੍ਹਾਂ ਨੇ ਸਿਨੇ ਜਗਤ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਨਾਲ ਕੰਮ ਕੀਤਾ। ਉਨ੍ਹਾਂ ਨੂੰ ਆਕਾਸ਼ਵਾਣੀ ਜਲੰਧਰ ਵਿੱਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਣ ਦਾ ਮੌਕਾ ਵੀ ਮਿਲਿਆ ਸੀ, ਪਰ ਉਨ੍ਹਾਂ ਨੇ ਬੰਦ ਕਮਰੇ ਵਿੱਚ ਕੰਮ ਕਰਨ ਦੀ ਬਜਾਏ ਰੰਗਮੰਚ ਦੇ ਮਾਧਿਅਮ ਰਾਹੀਂ ਸਿੱਧੇ ਲੋਕਾਂ ਨਾਲ ਜੁੜਨਾ ਪਸੰਦ ਕੀਤਾ।
ਉਨ੍ਹਾਂ ਨੇ ਰਾਏਕੋਟ ਵਰਗੇ ਪੇਂਡੂ ਖੇਤਰ ਤੋਂ ਮਾਸਿਕ ਪਰਚੇ ‘ਬਰੂਹਾਂ’ ਦੇ ਨਾਲ-ਨਾਲ ਲੰਮੇ ਸਮੇਂ ਤੱਕ ਹਫ਼ਤਾਵਾਰੀ ਅਖ਼ਬਾਰ ‘ਬਰੂਹਾਂ’ ਵੀ ਪ੍ਰਕਾਸ਼ਿਤ ਕੀਤਾ। ਯੂਨੀਵਰਸਿਟੀ ਵਿੱਚ ਪੜ੍ਹਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਲਈ ਸਾਂਝਾ ਸੰਘਰਸ਼ ਉਲੀਕ ਕੇ ਰੈਪਰਟਰੀ ਪ੍ਰਣਾਲੀ ਲਾਗੂ ਕਰਵਾਈ। ਬਤੌਰ ਨਿਰਦੇਸ਼ਕ ਉਨ੍ਹਾਂ ਨੇ 30 ਤੋਂ ਵੱਧ ਨਾਟਕਾਂ ਦੀਆਂ ਲਗਭਗ 500 ਤੋਂ ਜ਼ਿਆਦਾ ਪੇਸ਼ਕਾਰੀਆਂ ਕੀਤੀਆਂ ਅਤੇ ਲੋਕ ਪੱਖੀ ਕਲਾ ਕਿਰਤਾਂ ਨੂੰ ਉਤਸ਼ਾਹਿਤ ਕੀਤਾ। ਉਹ ਸਾਹਿਤ ਸਭਾ ਰਾਏਕੋਟ ਦੇ ਪ੍ਰਧਾਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸੂਬਾਈ ਆਗੂ ਵੀ ਸਨ। ਮੂਲ ਰੂਪ ਵਿੱਚ ਖੱਬੇ ਪੱਖੀ ਵਿਚਾਰਧਾਰਾ ਦੇ ਧਾਰਨੀ ਬਲਬੀਰ ਬੱਲੀ ਨੂੰ ਲੋਕ ਪੱਖੀ ਸੰਘਰਸ਼ਾਂ ਵਿੱਚ ਮੋਹਰੀ ਕਤਾਰ ਦਾ ਆਗੂ ਸਮਝਿਆ ਜਾਂਦਾ ਸੀ। ਪਰਿਵਾਰ ਵਿੱਚ ਉਨ੍ਹਾਂ ਦੀ ਜੀਵਨ ਸਾਥਣ ਕਮਲਜੀਤ ਕੌਰ ਅਤੇ ਦੋ ਪੁੱਤਰ ਆਕਾਸ਼ਦੀਪ ਸਿੰਘ ਤੇ ਜਸਕਰਨ ਸਿੰਘ ਹਨ। ਬਲਬੀਰ ਬੱਲੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਬੁੱਧਵਾਰ, 18 ਨਵੰਬਰ ਨੂੰ ਦੁਪਹਿਰ 12 ਵਜੇ ਸ਼ਮਸ਼ਾਨ ਘਾਟ, ਤਲਾਬ ਮੰਦਰ ਨੇੜੇ, ਰਾਏਕੋਟ (ਲੁਧਿਆਣਾ) ਵਿਖੇ ਕੀਤਾ ਜਾਵੇਗਾ।
ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਨਾਲ ਜੁੜੇ ਦੁਆਬੇ ਦੇ ਸਾਹਿਤਕਾਰਾਂ ਡਾ. ਕਮਲ ਭੱਲਾ, ਨੱਕਾਸ਼ ਚਿੱਤੇਵਾਣੀ, ਲੈਕਚਰਾਰ ਜਸਵਿੰਦਰ ਸਿੰਘ ਜੱਸੀ—ਤਿੰਨੇ ਸੰਯੁਕਤ ਸਕੱਤਰ; ਕਾਰਜਕਾਰਨੀ ਮੈਂਬਰ ਮਿੱਤਰ ਮਨਜੀਤ, ਮਨੋਜ ਫਗਵਾੜਵੀ, ਜ਼ਿਲ੍ਹਾ ਪ੍ਰਧਾਨ ਹਰਦਿਆਲ ਹੁਸ਼ਿਆਰਪੁਰੀ, ਦਲਜੀਤ ਮਹਿਮੀ, ਦੇਸ ਰਾਜ ਬਾਲੀ, ਕੁਲਵਿੰਦਰ ਕੰਵਲ, ਰੇਸ਼ਮ ਚਿੱਤਰਕਾਰ, ਲੈਕਚਰਾਰ ਕੁਲਵਿੰਦਰ ਗਾਖਲ, ਸਵਿੰਦਰ ਸੰਧੂ, ਭਿੰਡਰ ਪਟਵਾਰੀ, ਸ਼ਾਮ ਸੁੰਦਰ, ਸ਼ਾਮ ਸਰਗੂੰਦੀ, ਗੁਰਮੁਖ ਲੁਹਾਰ, ਸੋਹਣ ਸਹਿਜਲ, ਸੁਰਿੰਦਰ ਢੰਡਾ, ਹੀਰਾ ਲਾਲ ਮਲਹੋਤਰਾ, ਜਗਤਾਰ ਸਿੰਘ ਝੰਮਟ ਆਦਿ ਸਾਹਿਤਕਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
