ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਨਵੰਬਰ:- ਸਿਹਤ ਵਿਭਾਗ ਵੱਲੋਂ 18 ਤੋਂ 24 ਨਵੰਬਰ ਤੱਕ ਵਿਸ਼ਵ ਐਂਟੀਮਾਈਕ੍ਰੋਬੀਅਲ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਐਂਟੀਬਾਇਓਟਿਕ ਤੇ ਹੋਰ ਐਂਟੀਮਾਈਕ੍ਰੋਬੀਅਲ ਦਵਾਈਆਂ ਦੀ ਸਹੀ, ਸੁਰੱਖਿਅਤ ਅਤੇ ਜ਼ਿੰਮੇਵਾਰੀ ਨਾਲ ਵਰਤੋਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਕਦੇ ਵੀ ਆਪਣੀ ਮਰਜ਼ੀ ਨਾਲ ਨਹੀਂ ਕਰਨੀ ਚਾਹੀਦੀ, ਸਗੋਂ ਯੋਗ ਡਾਕਟਰ ਦੀ ਸਲਾਹ ਅਤੇ ਹਦਾਇਤਾਂ ਅਨੁਸਾਰ ਹੀ ਦਵਾਈ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੁਖਾਰ, ਖੰਘ ਅਤੇ ਜ਼ੁਕਾਮ ਵਰਗੀਆਂ ਕਈ ਆਮ ਬਿਮਾਰੀਆਂ ਵਾਇਰਸ ਕਾਰਨ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਇਲਾਜ ਲਈ ਐਂਟੀਬਾਇਓਟਿਕ ਦਵਾਈਆਂ ਅਸਰਦਾਰ ਨਹੀਂ ਹੁੰਦੀਆਂ। ਇਸ ਲਈ ਬਿਮਾਰੀ ਦੇ ਲੱਛਣ ਦਿਖਾਈ ਦੇਣ ’ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਡਾ. ਜੈਨ ਨੇ ਕਿਹਾ ਕਿ ਕਈ ਵਾਰ ਲੋਕ ਪਿਛਲੀ ਬਿਮਾਰੀ ਦੌਰਾਨ ਬਚੀਆਂ ਹੋਈਆਂ ਐਂਟੀਬਾਇਓਟਿਕ ਦਵਾਈਆਂ ਘਰ ਵਿੱਚ ਰੱਖ ਲੈਂਦੇ ਹਨ ਅਤੇ ਬਾਅਦ ਵਿੱਚ ਕਿਸੇ ਹੋਰ ਬਿਮਾਰੀ ਦੌਰਾਨ ਬਿਨਾਂ ਡਾਕਟਰੀ ਸਲਾਹ ਦੇ ਉਨ੍ਹਾਂ ਦੀ ਮੁੜ ਵਰਤੋਂ ਕਰਦੇ ਹਨ। ਇਹ ਆਦਤ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਹਰ ਬਿਮਾਰੀ ਦਾ ਕਾਰਨ ਵੱਖਰਾ ਹੋ ਸਕਦਾ ਹੈ, ਇਸ ਲਈ ਪਹਿਲਾਂ ਬਚੀ ਹੋਈ ਦਵਾਈ ਦੁਬਾਰਾ ਲੈਣ ਦੀ ਬਜਾਏ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਡਾਕਟਰ ਵੱਲੋਂ ਐਂਟੀਬਾਇਓਟਿਕ ਦਵਾਈ ਲਿਖੀ ਗਈ ਹੈ ਤਾਂ ਉਸ ਨੂੰ ਨਿਰਧਾਰਤ ਖੁਰਾਕ, ਸਮੇਂ ਅਤੇ ਮਿਆਦ ਅਨੁਸਾਰ ਲੈਣਾ ਚਾਹੀਦਾ ਹੈ। ਦਵਾਈ ਦਾ ਕੋਰਸ ਆਪਣੀ ਮਰਜ਼ੀ ਨਾਲ ਵਿਚਕਾਰ ਨਹੀਂ ਛੱਡਣਾ ਚਾਹੀਦਾ ਅਤੇ ਨਾ ਹੀ ਖੁਰਾਕ ਵਿੱਚ ਕੋਈ ਤਬਦੀਲੀ ਕਰਨੀ ਚਾਹੀਦੀ ਹੈ। ਜੇਕਰ ਦਵਾਈ ਦੇ ਮਾੜੇ ਪ੍ਰਭਾਵ ਮਹਿਸੂਸ ਹੋਣ ਜਾਂ ਕੋਈ ਸਮੱਸਿਆ ਆਵੇ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਉਨ੍ਹਾਂ ਸਮਝਾਇਆ ਕਿ ਐਂਟੀਬਾਇਓਟਿਕ ਦਵਾਈਆਂ ਦੀ ਬੇਲੋੜੀ ਅਤੇ ਗਲਤ ਵਰਤੋਂ ਕਾਰਨ ਬੈਕਟੀਰੀਆ ਇਨ੍ਹਾਂ ਦਵਾਈਆਂ ਵਿਰੁੱਧ ਰੋਧਕ ਸਮਰੱਥਾ ਵਿਕਸਿਤ ਕਰ ਸਕਦੇ ਹਨ। ਇਸ ਨੂੰ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ (AMR) ਕਿਹਾ ਜਾਂਦਾ ਹੈ। ਇਸ ਕਾਰਨ ਭਵਿੱਖ ਵਿੱਚ ਆਮ ਇਨਫੈਕਸ਼ਨਾਂ ਦਾ ਇਲਾਜ ਕਰਨਾ ਵੀ ਮੁਸ਼ਕਲ ਹੋ ਸਕਦਾ ਹੈ ਅਤੇ ਮੌਜੂਦਾ ਦਵਾਈਆਂ ਦਾ ਅਸਰ ਘੱਟ ਹੋ ਸਕਦਾ ਹੈ।
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਐਂਟੀਬਾਇਓਟਿਕ ਦਵਾਈਆਂ ਕਿਸੇ ਹੋਰ ਵਿਅਕਤੀ ਨਾਲ ਸਾਂਝੀਆਂ ਨਾ ਕਰਨ, ਬਚੀਆਂ ਹੋਈਆਂ ਦਵਾਈਆਂ ਦੀ ਆਪਣੀ ਮਰਜ਼ੀ ਨਾਲ ਵਰਤੋਂ ਨਾ ਕਰਨ ਅਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਐਂਟੀਬਾਇਓਟਿਕ ਨਾ ਲੈਣ। ਉਨ੍ਹਾਂ ਕਿਹਾ ਕਿ ਦਵਾਈਆਂ ਦੀ ਸਹੀ ਵਰਤੋਂ ਪ੍ਰਤੀ ਜਾਗਰੂਕਤਾ ਹੀ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ ਦੀ ਰੋਕਥਾਮ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
