ਗੜ੍ਹਸ਼ੰਕਰ, 17 ਨਵੰਬਰ (ਰਾਕੇਸ਼ ਕੁਮਾਰ):- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵੱਲੋਂ ਕਰਵਾਏ ਜਾ ਰਹੇ 17ਵੇਂ ਫੁੱਟਬਾਲ ਟੂਰਨਾਮੈਂਟ ਅਤੇ ਇੰਟਰਸਟੇਟ ਅਥਲੈਟਿਕ ਮੀਟ ਦੇ ਦੂਜੇ ਦਿਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਦੂਜੇ ਦਿਨ ਦੇ ਮੁਕਾਬਲਿਆਂ ਦੇ ਉਦਘਾਟਨੀ ਸਮਾਰੋਹ ਵਿੱਚ ਜਸਵੀਰ ਸਿੰਘ ਪਨੇਸਰ ਵੀ ਮੌਜੂਦ ਰਹੇ। ਇਹ ਸਮਾਗਮ ਓਲੰਪੀਅਨ ਸ. ਜਰਨੈਲ ਸਿੰਘ ਸਟੇਡੀਅਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੇ ਮੈਦਾਨ ਵਿੱਚ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ ਨਗਰ ਕੌਂਸਲ ਗੜ੍ਹਸ਼ੰਕਰ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਸ਼ੂਕਾ ਨੇ ਵੀ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।

ਜਾਣਕਾਰੀ ਦਿੰਦਿਆਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਦੇ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਨੇ ਦੱਸਿਆ ਕਿ ਸਮੂਹ ਐਨਆਰਆਈਜ਼ ਦੇ ਸਹਿਯੋਗ ਨਾਲ ਕਲੱਬ ਵੱਲੋਂ 17 ਤੋਂ 21 ਨਵੰਬਰ ਤੱਕ 17ਵਾਂ ਫੁੱਟਬਾਲ ਟੂਰਨਾਮੈਂਟ ਅਤੇ ਇੰਟਰਸਟੇਟ ਅਥਲੈਟਿਕ ਮੀਟ ਕਰਵਾਈ ਜਾ ਰਹੀ ਹੈ। ਟੂਰਨਾਮੈਂਟ ਦੇ ਦੂਜੇ ਦਿਨ ਓਲੰਪੀਅਨ ਸ. ਜਰਨੈਲ ਸਿੰਘ ਸਟੇਡੀਅਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਮੁਕਾਬਲੇ ਕਰਵਾਏ ਗਏ।

ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪਿੰਡ ਪੱਧਰ ਦੀਆਂ ਫੁੱਟਬਾਲ ਟੀਮਾਂ ਅਤੇ ਫੁੱਟਬਾਲ ਅਕੈਡਮੀਆਂ ਦੇ ਮੁਕਾਬਲੇ, ਲੜਕੇ-ਲੜਕੀਆਂ ਦੇ ਅਥਲੈਟਿਕ ਮੁਕਾਬਲੇ ਅਤੇ ਲੰਬੀ ਛਾਲ ਤੇ ਗੋਲਾ ਸੁੱਟਣ ਦੇ ਸਿਰਫ਼ ਲੜਕਿਆਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਕੂਲ ਪੱਧਰ ਦੀਆਂ ਲੜਕੀਆਂ ਦੇ ਰੱਸਾਕਸ਼ੀ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਜੇਤੂ ਟੀਮਾਂ ਨੂੰ ਸ਼ਾਨਦਾਰ ਇਨਾਮਾਂ ਨਾਲ ਨਿਵਾਜਿਆ ਜਾਵੇਗਾ।

ਇਸ ਮੌਕੇ ਤੀਰਥ ਸਿੰਘ ਰੱਤੂ, ਸਤਨਾਮ ਸਿੰਘ ਪਾਰੋਵਾਲ, ਅਵਤਾਰ ਸਿੰਘ ਸੀਹਰਾ, ਰਜਿੰਦਰ ਸ਼ਬਲਾ, ਸੁਨੀਲ ਕੁਮਾਰ ਗੋਲਡੀ, ਕਮਲਜੀਤ ਬੈਂਸ, ਰਮਨ ਬੰਗਾ, ਸ਼ਲਿੰਦਰ ਰਾਣਾ, ਇੰਦਰ ਕੁਮਾਰ, ਕੇਵਲ ਸਿੰਘ ਭੱਜਲ, ਲਖਵਿੰਦਰ ਸਿੰਘ ਅਤੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਪੰਮਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਸਟੇਜ ਸੰਚਾਲਨ ਅਮਰੀਕ ਹਮਰਾਜ ਅਤੇ ਕਮਲਜੀਤ ਬੈਂਸ ਨੇ ਕੀਤਾ।