ਪਟਿਆਲਾ (ਕਾਕਾ ਰਾਮ ਵਰਮਾ):- ਟੈਨੀ ਜੇਮਜ਼ ਪਬਲਿਕ ਹਾਈ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਪੰਜਾਬ ਪੁਲਿਸ ਦੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਇੰਸਪੈਕਟਰ ਸਰਬਜੀਤ ਕੌਰ ਅਤੇ ਏ.ਐੱਸ.ਆਈ. ਰਾਮ ਸ਼ਰਨ ਨੂੰ ਬੁਲਾਇਆ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਵਾਜਾਈ ਦੇ ਨਿਯਮਾਂ, ਕਾਨੂੰਨਾਂ, ਅਸੂਲਾਂ ਅਤੇ ਫਰਜ਼ਾਂ ਦੇ ਨਾਲ-ਨਾਲ ਨਸ਼ਿਆਂ, ਅਪਰਾਧਾਂ, ਮਾੜੇ ਅਨਸਰਾਂ, ਘਰੋਂ ਭੱਜਣ ਅਤੇ ਪੋਕਸੋ ਐਕਟ ਬਾਰੇ ਜਾਣਕਾਰੀ ਦਿੱਤੀ।

ਪੁਲਿਸ ਅਧਿਕਾਰੀਆਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੜਕਾਂ 'ਤੇ ਚੱਲਦਿਆਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ। ਉਨ੍ਹਾਂ ਨੇ ਬਿਨਾਂ ਡਰਾਈਵਿੰਗ ਲਾਇਸੈਂਸ, ਪ੍ਰਦੂਸ਼ਣ ਸਰਟੀਫਿਕੇਟ, ਬੀਮਾ, ਆਰ.ਸੀ. ਅਤੇ ਹੈਲਮਟ ਤੋਂ ਬਿਨਾਂ ਵਾਹਨ ਨਾ ਚਲਾਉਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੋਕਸੋ ਐਕਟ ਤਹਿਤ ਮਿਲਣ ਵਾਲੀਆਂ ਸਜ਼ਾਵਾਂ ਅਤੇ ਵੱਖ-ਵੱਖ ਹੈਲਪਲਾਈਨ ਨੰਬਰਾਂ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ।

ਸ੍ਰੀ ਕਾਕਾ ਰਾਮ ਵਰਮਾ, ਸੇਵਾਮੁਕਤ ਟ੍ਰੇਨਿੰਗ ਸੁਪਰਵਾਈਜ਼ਰ, ਰੈੱਡ ਕਰਾਸ ਨੇ ਫਸਟ ਏਡ, ਸੀ.ਪੀ.ਆਰ. ਅਤੇ ਫਾਇਰ ਸੇਫਟੀ ਦੀ ਵਿਹਾਰਕ ਸਿਖਲਾਈ ਦਿੱਤੀ। ਉਨ੍ਹਾਂ ਨੇ ਅਭਿਆਸ ਅਤੇ ਪ੍ਰਦਰਸ਼ਨ ਰਾਹੀਂ ਹਾਦਸਿਆਂ ਨੂੰ ਘਟਾਉਣ ਅਤੇ ਕੀਮਤੀ ਮਨੁੱਖੀ ਜਾਨਾਂ ਬਚਾਉਣ ਦੇ ਤਰੀਕੇ ਸਮਝਾਏ।

ਡਾ. ਰਾਕੇਸ਼ ਗੌਤਮ ਨੇ ਧੰਨਵਾਦ ਕਰਦਿਆਂ ਕਿਹਾ ਕਿ ਪਟਿਆਲਾ ਵਿਖੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸੁਰੱਖਿਆ ਅਤੇ ਅਧਿਆਪਕਾਂ, ਮਾਪਿਆਂ ਤੇ ਨਾਗਰਿਕਾਂ ਨੂੰ ਮਾੜੇ ਕੰਮਾਂ, ਨਸ਼ਿਆਂ, ਅਪਰਾਧਾਂ, ਧੋਖਾਧੜੀ ਅਤੇ ਲੁੱਟ-ਖੋਹ ਤੋਂ ਬਚਾਉਣ ਲਈ ਪੁਲਿਸ ਅਧਿਕਾਰੀਆਂ ਅਤੇ ਕਾਕਾ ਰਾਮ ਵਰਮਾ ਵੱਲੋਂ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਮੌਕੇ ਖੇਡਾਂ ਵਿੱਚ ਤਗਮੇ ਜਿੱਤਣ ਵਾਲੀਆਂ ਸਕੂਲ ਦੀਆਂ ਦੋ ਵਿਦਿਆਰਥਣਾਂ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।