ਬਟਾਲਾ, 7 ਨਵੰਬਰ:- ਤਿਉਹਾਰਾਂ ਦੇ ਮੌਕੇ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸ਼ੁੱਕਰਪੁਰਾ, ਬਟਾਲਾ-2 ਵੱਲੋਂ “ਸੁਰੱਖਿਅਤ ਅਤੇ ਵਾਤਾਵਰਣ-ਸੰਵੇਦਨਸ਼ੀਲ ਦੀਵਾਲੀ” ਵਿਸ਼ੇ ’ਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸਿਵਲ ਡਿਫੈਂਸ ਦੇ ਪੋਸਟ ਵਾਰਡਨ ਹਰਬਖਸ਼ ਸਿੰਘ ਅਤੇ ਮਨਿੰਦਰ ਕੌਰ, ਹੈੱਡ ਟੀਚਰ ਜੋਲੀ ਸੁਖਦੀਪ ਸਿੰਘ, ਸਟਾਫ਼ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।
ਇਸ ਮੌਕੇ ਦੱਸਿਆ ਗਿਆ ਕਿ ਗ੍ਰੀਨ, ਕਲੀਨ ਅਤੇ ਸੇਫ਼ ਦੀਵਾਲੀ ਮਨਾਉਂਦੇ ਹੋਏ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਅਤੇ ਨਿਰਧਾਰਤ ਸਮੇਂ ਦੀ ਪਾਲਣਾ ਕੀਤੀ ਜਾਵੇ। ਸਾਰਿਆਂ ਨੂੰ ਸੁਰੱਖਿਅਤ ਅਤੇ ਪ੍ਰਦੂਸ਼ਣ-ਰਹਿਤ ਗ੍ਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਗ੍ਰੀਨ ਪਟਾਕੇ ਚਲਾਉਂਦੇ ਸਮੇਂ ਅੱਗ ਤੋਂ ਬਚਾਅ ਅਤੇ ਸੁਰੱਖਿਆ ਸਬੰਧੀ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ। ਦੱਸਿਆ ਗਿਆ ਕਿ ਪਟਾਕੇ ਹਮੇਸ਼ਾ ਖੁੱਲ੍ਹੀਆਂ ਥਾਵਾਂ ’ਤੇ ਚਲਾਏ ਜਾਣ ਅਤੇ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰੱਖਿਆ ਜਾਵੇ। ਪਟਾਕੇ ਚਲਾਉਂਦੇ ਸਮੇਂ ਨੇੜੇ ਪਾਣੀ ਨਾਲ ਭਰੀ ਬਾਲਟੀ ਅਤੇ ਮੱਗ ਜਾਂ ਰੇਤ ਜ਼ਰੂਰ ਰੱਖੋ। ਪਟਾਕੇ ਕਦੇ ਵੀ ਘਰ ਦੇ ਅੰਦਰ, ਤੰਗ ਗਲੀਆਂ ਜਾਂ ਜ਼ਿਆਦਾ ਭੀੜ ਵਾਲੀਆਂ ਥਾਵਾਂ ’ਤੇ ਨਾ ਚਲਾਓ। ਮਾਸਕ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ ਗਈ। ਅੱਗ ਲੱਗਣ ਦੀ ਸਥਿਤੀ ਵਿੱਚ ਤੁਰੰਤ ਬਟਾਲਾ ਫਾਇਰ ਬ੍ਰਿਗੇਡ ਨੂੰ 112 ਜਾਂ 91175 96801 ਨੰਬਰ ’ਤੇ ਕਾਲ ਕਰਨ ਲਈ ਕਿਹਾ ਗਿਆ। ਸਾਰਿਆਂ ਨੂੰ ਆਪਣੇ ਆਲੇ-ਦੁਆਲੇ ਸੁਚੇਤ ਰਹਿਣ ਅਤੇ ਕਿਸੇ ਵੀ ਅਣਗਹਿਲੀ ਕਾਰਨ ਅਣਸੁਖਾਵੀਂ ਘਟਨਾ ਨਾ ਵਾਪਰਨ ਦੇਣ ਦੀ ਅਪੀਲ ਕੀਤੀ ਗਈ। ਇਸ ਮੌਕੇ ਅਧਿਆਪਕ ਹਰਪ੍ਰੀਤ ਸਿੰਘ, ਗੁਰਿੰਦਰ ਕੌਰ, ਚੰਦਾ ਕੁਮਾਰੀ, ਰਜਿੰਦਰ ਕੌਰ, ਅਮਨਜੋਤ ਕੌਰ, ਰਜਿੰਦਰਪਾਲ ਕੌਰ, ਅਰਸ਼ਦੀਪ ਕੌਰ, ਪ੍ਰਭਜੀਤ ਕੌਰ, ਅਮਰਜੀਤ ਕੌਰ, ਮਨਜੀਤ ਕੌਰ ਅਤੇ ਮਨਦੀਪ ਕੌਰ ਵੀ ਮੌਜੂਦ ਸਨ।
