ਪਟਿਆਲਾ (ਮਨਪ੍ਰੀਤ ਸਿੰਘ):- ਪੀ ਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਨੌਰ ਦੀ ਪ੍ਰਿੰਸੀਪਲ ਡਾਕਟਰ ਕਰਮਜੀਤ ਕੌਰ ਦੀ ਸਰਪ੍ਰਸਤੀ ਹੇਠ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧ ਰਹੀਆਂ ਕੁਦਰਤੀ, ਮੌਸਮੀ ਅਤੇ ਮਨੁੱਖੀ ਆਫ਼ਤਾਂ, ਘਰੇਲੂ ਹਾਦਸਿਆਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇ ਅਤੇ ਗੈਸਾਂ, ਬਿਜਲੀ, ਪੈਟਰੋਲੀਅਮ ਤੇ ਰਸਾਇਣਕ ਪਦਾਰਥਾਂ ਨਾਲ ਸਬੰਧਤ ਦੁਰਘਟਨਾਵਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।
ਫਸਟ ਏਡ ਸੇਫਟੀ ਹੈਲਥ ਅਵੇਅਰਨੈੱਸ ਮਿਸ਼ਨ ਦੇ ਮੁੱਖ ਟ੍ਰੇਨਰ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਅਤੇ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਪ੍ਰਧਾਨ ਸ੍ਰੀ ਹਰਦੀਪ ਸਿੰਘ ਸਨੌਰ ਨੇ ਕੁਦਰਤੀ, ਮੌਸਮੀ ਅਤੇ ਮਨੁੱਖੀ ਆਫ਼ਤਾਂ ਸਮੇਤ ਜੰਗਾਂ ਕਾਰਨ ਪੈਦਾ ਹੋਣ ਵਾਲੀਆਂ ਸਥਿਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਘਰੇਲੂ ਹਾਦਸਿਆਂ ਦੇ ਕਾਰਨਾਂ ਅਤੇ ਇਨ੍ਹਾਂ ਨੂੰ ਰੋਕਣ ਦੇ ਤਰੀਕਿਆਂ ਬਾਰੇ ਵੀ ਸਮਝਾਇਆ।
ਸਿਖਲਾਈ ਦੌਰਾਨ ਦਿਲ ਦਾ ਦੌਰਾ, ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇ, ਬਲੱਡ ਸ਼ੂਗਰ ਘਟਣ ਅਤੇ ਬਲੱਡ ਪ੍ਰੈਸ਼ਰ ਘਟਣ ਦੀ ਸਥਿਤੀ ਵਿੱਚ ਪੀੜਤਾਂ ਦੀ ਜਾਨ ਬਚਾਉਣ ਦੇ ਤਰੀਕੇ ਸਿਖਾਏ ਗਏ। ਸੀਪੀਆਰ, ਰਿਕਵਰੀ ਪੁਜ਼ੀਸ਼ਨ ਅਤੇ ਬਣਾਉਟੀ ਸਾਹ ਦੇਣ ਦੀ ਪ੍ਰਕਿਰਿਆ ਬਾਰੇ ਵੀ ਸਿਖਲਾਈ ਦਿੱਤੀ ਗਈ।
ਟ੍ਰੇਨਰਾਂ ਨੇ ਅੱਗ ਦੀਆਂ ਵੱਖ-ਵੱਖ ਕਿਸਮਾਂ ਅਤੇ ਪਾਣੀ, ਮਿੱਟੀ, ਅੱਗ ਨੂੰ ਆਕਸੀਜਨ ਤੋਂ ਵਾਂਝਾ ਕਰਨ ਅਤੇ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਨਾਲ ਅੱਗ ਬੁਝਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਹਰਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਦੀਵਾਲੀ ਅਤੇ ਹੋਰ ਤਿਉਹਾਰਾਂ ਮੌਕੇ ਪਟਾਕਿਆਂ ਅਤੇ ਬੰਬਾਂ ਦੀ ਵਰਤੋਂ ਨਾ ਕਰਨ, ਮਾਪਿਆਂ ਦੀ ਮਿਹਨਤ ਦੀ ਕਮਾਈ ਬਚਾਉਣ ਅਤੇ ਪ੍ਰਦੂਸ਼ਣ, ਅਲ ਨੀਨੋ ਨਾਲ ਜੁੜੇ ਪ੍ਰਭਾਵਾਂ ਤੇ ਗਲੋਬਲ ਵਾਰਮਿੰਗ ਨੂੰ ਘਟਾਉਣ ਲਈ ਯਤਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਖੂਨਦਾਨ ਦੇ ਲਾਭ ਵੀ ਦੱਸੇ।
ਧੰਨਵਾਦ ਕਰਦਿਆਂ ਪ੍ਰਿੰਸੀਪਲ ਡਾਕਟਰ ਕਰਮਜੀਤ ਕੌਰ ਨੇ ਕਿਹਾ ਕਿ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਅਤੇ ਫਾਇਰ ਸੇਫਟੀ ਦੀ ਜਾਣਕਾਰੀ ਪਿੰਡਾਂ ਦੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਹਾਦਸੇ ਰੋਕਣ, ਪੀੜਤਾਂ ਦੀ ਮਦਦ ਕਰਨ ਅਤੇ ਕੀਮਤੀ ਜਾਨਾਂ ਤੇ ਜਾਇਦਾਦ ਬਚਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ।
