ਪਟਿਆਲਾ, 21 ਨਵੰਬਰ (ਪਰਮਜੀਤ ਸਿੰਘ ਪਰਵਾਨਾ):- ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਂ ਦੇ ਅੰਤਿਮ ਸਸਕਾਰ ਮੌਕੇ ਪਟਿਆਲਾ ਜ਼ਿਲ੍ਹੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਜਥਾ ਰਵਾਨਾ ਹੋਇਆ। ਜਥੇ ਵਿੱਚ ਜਸਵੰਤ ਸਿੰਘ ਅਕੌਤ, ਗੁਰਵਿੰਦਰ ਸਿੰਘ ਵੈਦਵਾਨ, ਗੁਰਰਾਜ ਸਿੰਘ ਅਰਬਨ ਅਸਟੇਟ, ਗੁਰਨਾਮ ਸਿੰਘ ਅਜਨੌਦਾ, ਅਮਰੀਕ ਸਿੰਘ ਪੇਧਨ, ਅਮਰਜੀਤ ਸਿੰਘ, ਸੰਤ ਸਿੰਘ ਟੌਹੜਾ, ਸਰਵਣ ਸਿੰਘ ਸਰਪੰਚ, ਜਥੇਦਾਰ ਪਾਲਾ ਸਿੰਘ, ਬਲਦੇਵ ਸਿੰਘ ਚੇਅਰਮੈਨ, ਜਰਨੈਲ ਸਿੰਘ ਅਜਨੌਦਾ, ਸੋਨੀ ਗੁਰਥਲੀ, ਰਣਜੀਤ ਸਿੰਘ ਸਰਪੰਚ, ਸੁਖਚੈਨ ਸਿੰਘ ਚੈਨੀ ਰੋਹਟਾ, ਮੇਵਾ ਸਿੰਘ, ਇੰਦਰਜੀਤ ਸਿੰਘ ਖ਼ਾਲਸਾ, ਸਿਮਰਨ ਸਿੰਘ, ਰਿਹਾਨ ਖਾਂ, ਗੁਰਮੀਤ ਸਿੰਘ ਅਤੇ ਯੁਵਰਾਜ ਸਿੰਘ ਆਦਿ ਸ਼ਾਮਲ ਸਨ।

ਜਥੇ ਨੂੰ ਰਵਾਨਾ ਕਰਨ ਸਮੇਂ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਵਿੱਚ ਬੰਦ ਰੱਖ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਪੰਜਾਬੀਆਂ ਵਿੱਚ ਰੋਹ ਪੈਦਾ ਕਰ ਰਹੀਆਂ ਹਨ। ਉਨ੍ਹਾਂ ਅੰਮ੍ਰਿਤਪਾਲ ਸਿੰਘ ਨੂੰ ਹਨੇਰੀ ਤੇ ਤੂਫ਼ਾਨ ਕਰਾਰ ਦਿੰਦਿਆਂ ਕਿਹਾ ਕਿ ਕਦੇ ਵੀ ਹਨੇਰੀ ਤੇ ਤੂਫ਼ਾਨ ਨੂੰ ਜੇਲ੍ਹਾਂ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰਾਂ ਘੱਟ ਗਿਣਤੀਆਂ ਨਾਲ ਜ਼ੁਲਮ ਕਰਦੀਆਂ ਆਈਆਂ ਹਨ, ਪਰ ਇਸ ਵਾਰ ਸਰਕਾਰਾਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।