ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 27 ਸਤੰਬਰ 2026:- ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਫਿਲਮ ਜ਼ਿਲ੍ਹੇ ਦੇ ਪਿੰਡਾਂ ਵਿੱਚ ਐਲ.ਈ.ਡੀ. ਸਕਰੀਨਾਂ ਰਾਹੀਂ ਦਿਖਾਈ ਜਾ ਰਹੀ ਹੈ। ਇਸੇ ਲੜੀ ਤਹਿਤ ਖਰੜ ਬਲਾਕ ਦੇ ਪਿੰਡ ਪੱਤੜਾਂ, ਟੋਡਰ ਮਾਜਰਾ ਅਤੇ ਮਜਾਤ ਵਿਖੇ ਵੀ ਸੰਗਤਾਂ ਨੂੰ ਇਹ ਵਿਸ਼ੇਸ਼ ਦਸਤਾਵੇਜ਼ੀ ਫਿਲਮ ਦਿਖਾਈ ਗਈ।

ਐਸ.ਡੀ.ਐਮ. ਖਰੜ ਗੁਰਮੀਤ ਸਿੰਘ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਤਿਆਰ ਕੀਤੀ ਗਈ ਵਿਸ਼ੇਸ਼ ਡਾਕੂਮੈਂਟਰੀ ਨੂੰ ਪਿੰਡ-ਪਿੰਡ ਐਲ.ਈ.ਡੀ. ਸਕਰੀਨਾਂ ਰਾਹੀਂ ਦਿਖਾਇਆ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਸ੍ਰੀ ਗੁਰੂ ਰਵੀਦਾਸ ਜੀ ਦੇ ਜੀਵਨ, ਵਿਚਾਰਾਂ ਅਤੇ ਸਮਾਜ ਨੂੰ ਦਿੱਤੇ ਸੰਦੇਸ਼ ਤੋਂ ਜਾਣੂ ਹੋ ਸਕਣ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵੀਦਾਸ ਜੀ ਨੇ ਆਪਣੀ ਬਾਣੀ ਰਾਹੀਂ ਮਨੁੱਖਤਾ ਨੂੰ ਬਰਾਬਰੀ, ਭਾਈਚਾਰੇ, ਸੱਚੀ ਕਿਰਤ ਅਤੇ ਆਪਸੀ ਸਤਿਕਾਰ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਲਈ ਪ੍ਰੇਰਨਾ ਦਾ ਸਰੋਤ ਹਨ।

ਖਰੜ ਬਲਾਕ ਦੇ ਪਿੰਡ ਪੱਤੜਾਂ, ਟੋਡਰ ਮਾਜਰਾ ਅਤੇ ਮਜਾਤ ਵਿਖੇ ਦਿਖਾਈ ਗਈ ਡਾਕੂਮੈਂਟਰੀ ਨੂੰ ਪਿੰਡ ਵਾਸੀਆਂ ਅਤੇ ਸੰਗਤਾਂ ਵੱਲੋਂ ਰੁਚੀ ਨਾਲ ਦੇਖਿਆ ਗਿਆ। ਡਾਕੂਮੈਂਟਰੀ ਰਾਹੀਂ ਸ੍ਰੀ ਗੁਰੂ ਰਵੀਦਾਸ ਜੀ ਦੇ ਜੀਵਨ, ਉਨ੍ਹਾਂ ਦੀ ਬਾਣੀ ਅਤੇ ਮਨੁੱਖਤਾ ਦੀ ਭਲਾਈ ਲਈ ਦਿੱਤੇ ਗਏ ਸੰਦੇਸ਼ ਨੂੰ ਸਰਲ ਢੰਗ ਨਾਲ ਪੇਸ਼ ਕੀਤਾ ਗਿਆ।

ਐਸ.ਡੀ.ਐਮ. ਨੇ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨ ਪੀੜ੍ਹੀ ਨੂੰ ਸਾਡੇ ਮਹਾਨ ਗੁਰੂਆਂ ਅਤੇ ਸੰਤਾਂ ਦੀਆਂ ਸਿੱਖਿਆਵਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।