ਸ੍ਰੀ ਚਮਕੌਰ ਸਾਹਿਬ (ਮਨਪ੍ਰੀਤ ਸਿੰਘ):- ਅੱਜ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਕਾਇਨੌਰ ਜਾਣ ਅਤੇ ਉੱਥੇ ਧੀ ਸੋਨਲ ਦਇਆ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਉਸ ਨਾਲ ਮੁਲਾਕਾਤ ਕਰਕੇ ਬੇਹੱਦ ਖੁਸ਼ੀ ਹੋਈ। ਸੋਨਲ ਨੇ ਆਪਣੀ ਸਖ਼ਤ ਮਿਹਨਤ, ਲਗਨ ਅਤੇ ਜਜ਼ਬੇ ਸਦਕਾ ਕਾਮਨਵੈਲਥ ਖੇਡਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ। ਉਸ ਦੇ ਪਿਤਾ ਕੋਚ ਜੋਗਿੰਦਰ ਪਹਿਲਵਾਨ ਅਤੇ ਮਾਤਾ ਕੋਚ ਮੀਨਾ ਦੇਵੀ ਦਾ ਇਸ ਪ੍ਰਾਪਤੀ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਦੀ ਪਿਆਰੀ ਧੀ ਦਸੰਬਰ ਵਿੱਚ ਦੱਖਣੀ ਅਫ਼ਰੀਕਾ ਵਿਖੇ ਭਾਰਤ ਵੱਲੋਂ ਖੇਡਣ ਜਾ ਰਹੀ ਹੈ, ਜੋ ਸਮੁੱਚੇ ਪੰਜਾਬ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ।

ਇਸ ਮੌਕੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਸ. ਹਰਮੋਹਨ ਸਿੰਘ ਸੰਧੂ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੀ ਉੱਥੇ ਪਹੁੰਚੇ ਅਤੇ ਉਨ੍ਹਾਂ ਨੇ ਸੋਨਲ ਤੇ ਉਸ ਦੇ ਨਾਲ ਅਭਿਆਸ ਕਰ ਰਹੇ ਬਾਕੀ ਬੱਚਿਆਂ ਦਾ ਹੌਸਲਾ ਵਧਾਇਆ। ਇਸ ਮੌਕੇ ਕਸ਼ਮੀਰ ਸਿੰਘ ਬਿੱਲਾ, ਐੱਸ.ਸੀ. ਵਿੰਗ ਦੇ ਜੁਆਇੰਟ ਸਕੱਤਰ, ਪ੍ਰਦੀਪ ਸਪਾਲ, ਬੀ.ਸੀ. ਵਿੰਗ ਦੇ ਮੀਤ ਪ੍ਰਧਾਨ, ਰਿੰਕਾ ਪਹਿਲਵਾਨ ਅਤੇ ਦੇਵ ਸਿੰਘ ਘੱਗਰ ਸਰੈਂ ਵੀ ਹਾਜ਼ਰ ਸਨ।

ਦਾਦਾ ਦੇਵ ਦਇਆ ਅਕੈਡਮੀ ਵਿੱਚ ਸਾਡੇ ਸਤਿਕਾਰਯੋਗ ਨਰਿੰਦਰ ਪਹਿਲਵਾਨ, ਸਾਬਕਾ ਸਰਪੰਚ, ਦੇ ਯੋਗਦਾਨ ਲਈ ਦਿਲੋਂ ਧੰਨਵਾਦ ਕਰਦਾ ਹਾਂ।

ਇਸ ਦੇ ਨਾਲ ਹੀ ਸੋਨਲ ਦੇ ਪਿਤਾ ਕੋਚ ਯੁਗਿੰਦਰ ਸਿੰਘ ਵੱਲੋਂ ਆਪਣੇ ਦਸਵੰਧ ਵਿੱਚੋਂ 25 ਲੜਕੀਆਂ ਲਈ ਮੁਫ਼ਤ ਕੁਸ਼ਤੀ ਅਕੈਡਮੀ ਚਲਾਉਣਾ ਸਮਾਜ ਸੇਵਾ ਦੀ ਇੱਕ ਬੇਮਿਸਾਲ ਮਿਸਾਲ ਹੈ। ਇਸ ਅਕੈਡਮੀ ਵਿੱਚ ਲੜਕੀਆਂ ਨੂੰ ਰਹਿਣ, ਖਾਣ-ਪੀਣ ਅਤੇ ਕੋਚਿੰਗ ਦੀਆਂ ਸਾਰੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਪੰਜਾਬ ਵਿੱਚ ਲੜਕੀਆਂ ਲਈ ਸਮਰਪਿਤ ਇਕਲੌਤੀ ਕੁਸ਼ਤੀ ਅਕੈਡਮੀ ਹੋਣਾ ਆਪਣੇ ਆਪ ਵਿੱਚ ਬਹੁਤ ਮਾਣ ਵਾਲੀ ਗੱਲ ਹੈ।

ਸੋਨਲ, ਕੋਚ ਯੁਗਿੰਦਰ ਸਿੰਘ ਜੀ ਅਤੇ ਸਮੁੱਚੀ ਅਕੈਡਮੀ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ।

ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਮਿਹਨਤੀ ਖਿਡਾਰੀਆਂ ਅਤੇ ਨੌਜਵਾਨਾਂ ਦੇ ਨਾਲ ਖੜ੍ਹਾ ਹੈ। ਸਾਡਾ ਸੁਪਨਾ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਊਰਜਾ ਖੇਡਾਂ, ਸਿੱਖਿਆ ਅਤੇ ਉਸਾਰੂ ਕਾਰਜਾਂ ਵਿੱਚ ਲੱਗੇ, ਕਿਉਂਕਿ ਪੰਜਾਬ ਦਾ ਸਭ ਤੋਂ ਵੱਡਾ ਸਰਮਾਇਆ ਸਾਡੀ ਨੌਜਵਾਨ ਪੀੜ੍ਹੀ ਹੈ।

ਸੋਨਲ ਦੀ ਇਹ ਪ੍ਰਾਪਤੀ ਪੰਜਾਬ ਦੀਆਂ ਲੱਖਾਂ ਧੀਆਂ ਲਈ ਪ੍ਰੇਰਣਾ ਬਣੇਗੀ।