ਨਵਾਂਸ਼ਹਿਰ/ਮਕੰਦਪੁਰ, 15 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਇਲਾਕੇ ਦੀ ਨਾਮਵਰ ਸ਼ਖ਼ਸੀਅਤ ਅਤੇ ਸੀਨੀਅਰ ਪੱਤਰਕਾਰ ਸੰਜੀਵ ਕੁਮਾਰ ਹੈਪੀ ਭਨੋਟ ਮਕੰਦਪੁਰ ਵਾਲਿਆਂ ਦੇ ਪਿਤਾ ਇੰਦਰਜੀਤ ਭਨੋਟ (90) ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪੂਰੇ ਸਤਿਕਾਰ ਅਤੇ ਸ਼ਰਧਾ ਨਾਲ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਨੂੰ ਅਗਨੀ ਭੇਟ ਕੀਤੀ।
ਅੰਤਿਮ ਵਿਦਾਇਗੀ ਮੌਕੇ ਇਲਾਕੇ ਭਰ ਤੋਂ ਸਰਪੰਚ, ਪੰਚ, ਪੱਤਰਕਾਰ ਭਾਈਚਾਰੇ ਦੇ ਮੈਂਬਰ, ਸਿਆਸੀ ਆਗੂ, ਰਿਸ਼ਤੇਦਾਰ ਅਤੇ ਸੱਜਣ-ਮਿੱਤਰ ਵੱਡੀ ਗਿਣਤੀ ਵਿੱਚ ਪਹੁੰਚੇ। ਹਰ ਅੱਖ ਨਮ ਸੀ ਅਤੇ ਹਰ ਬੁੱਲ੍ਹ ’ਤੇ ਇੰਦਰਜੀਤ ਭਨੋਟ ਦੀ ਸਾਦਗੀ, ਮਿਲਣਸਾਰ ਸੁਭਾਅ ਅਤੇ ਇਨਸਾਨੀਅਤ ਦੀ ਚਰਚਾ ਸੀ।
ਇੰਦਰਜੀਤ ਭਨੋਟ ਨੇ ਆਪਣੀ ਸਾਰੀ ਜ਼ਿੰਦਗੀ ਬਹੁਤ ਹੀ ਸਾਦੇ ਢੰਗ ਨਾਲ ਬਤੀਤ ਕੀਤੀ। ਉਹ ਪੇਸ਼ੇ ਵਜੋਂ ਹਲਵਾਈ ਦਾ ਕੰਮ ਕਰਦੇ ਸਨ। ਪਿੰਡ ਵਿੱਚ ਉਨ੍ਹਾਂ ਦੀ ਦੁਕਾਨ ਸੀ, ਜਿੱਥੇ ਉਹ ਦੁਕਾਨਦਾਰੀ ਦੇ ਨਾਲ-ਨਾਲ ਵਿਆਹਾਂ-ਸ਼ਾਦੀਆਂ ਵਿੱਚ ਵੀ ਹਲਵਾਈ ਦਾ ਕੰਮ ਕਰਦੇ ਸਨ। ਉਸ ਦੌਰ ਨੂੰ ਯਾਦ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਬਾਬਾ ਜੀ ਅਤੇ ਉਨ੍ਹਾਂ ਦੇ ਪਿਤਾ ਲਾਹੌਰ ਤੱਕ ਸਾਈਕਲ ’ਤੇ ਵਿਆਹਾਂ ਦਾ ਕੰਮ ਕਰਨ ਜਾਂਦੇ ਹੁੰਦੇ ਸਨ। ਇਹ ਗੱਲ ਉਨ੍ਹਾਂ ਦੀ ਮਿਹਨਤ, ਲਗਨ ਅਤੇ ਸਾਦਗੀ ਨੂੰ ਦਰਸਾਉਂਦੀ ਹੈ।
ਉਨ੍ਹਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਸੀ ਕਿ ਉਨ੍ਹਾਂ ਨੇ ਅੱਜ ਤੱਕ ਕਿਸੇ ਨਾਲ ਲੜਾਈ ਨਹੀਂ ਕੀਤੀ। ਹਰ ਕਿਸੇ ਨਾਲ ਪਿਆਰ, ਸਤਿਕਾਰ ਅਤੇ ਮਿੱਠਾ ਬੋਲਣਾ ਉਨ੍ਹਾਂ ਦੀ ਪਛਾਣ ਸੀ। ਛੋਟੇ-ਵੱਡੇ ਸਭ ਉਨ੍ਹਾਂ ਦਾ ਸਤਿਕਾਰ ਕਰਦੇ ਸਨ ਅਤੇ ਉਨ੍ਹਾਂ ਨੂੰ ਆਪਣਾ ਸਮਝਦੇ ਸਨ।
ਇਸ ਮੌਕੇ ਹਾਜ਼ਰ ਲੋਕਾਂ ਨੇ ਕਿਹਾ ਕਿ ਇੰਦਰਜੀਤ ਭਨੋਟ ਵਰਗੀਆਂ ਸ਼ਖ਼ਸੀਅਤਾਂ ਕਦੇ ਨਹੀਂ ਮਰਦੀਆਂ, ਉਹ ਆਪਣੇ ਚੰਗੇ ਕਰਮਾਂ ਅਤੇ ਮਿੱਠੀਆਂ ਯਾਦਾਂ ਰਾਹੀਂ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜਿਊਂਦੀਆਂ ਰਹਿੰਦੀਆਂ ਹਨ। ਉਨ੍ਹਾਂ ਦੇ ਵਿਛੋੜੇ ਨਾਲ ਪਰਿਵਾਰ ਦੇ ਨਾਲ-ਨਾਲ ਪੂਰੇ ਇਲਾਕੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਅੰਤ ਵਿੱਚ ਸਾਰਿਆਂ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਭਾਣਾ ਮੰਨਣ ਦੀ ਤਾਕਤ ਮਿਲਣ ਦੀ ਕਾਮਨਾ ਕੀਤੀ।
