ਬਲਾਚੌਰ, 9 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਕਾਠਗੜ੍ਹ ਥਾਣੇ ਵਿੱਚ ਅੱਜ ਇੱਕ ਸਾਦੇ ਪਰ ਪ੍ਰੇਰਨਾਦਾਇਕ ਸਮਾਗਮ ਦੌਰਾਨ ਐਸ.ਐਚ.ਓ. ਇੰਸਪੈਕਟਰ ਕਮਲ ਤਨੇਜਾ ਨੇ ਏ.ਐਸ.ਆਈ. ਰਾਮ ਸ਼ਾਹ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਸਰਾਹਣਯੋਗ ਸੇਵਾ ਲਈ ਸਨਮਾਨਿਤ ਕੀਤਾ। ਇਸ ਮੌਕੇ ਥਾਣੇ ਦੇ ਸਮੂਹ ਮੁਲਾਜ਼ਮਾਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।

ਇੰਸਪੈਕਟਰ ਕਮਲ ਤਨੇਜਾ ਨੇ ਕਿਹਾ ਕਿ ਏ.ਐਸ.ਆਈ. ਰਾਮ ਸ਼ਾਹ ਨੇ ਆਪਣੀ ਡਿਊਟੀ ਹਮੇਸ਼ਾ ਪੂਰੀ ਇਮਾਨਦਾਰੀ, ਮਿਹਨਤ ਅਤੇ ਜ਼ਿੰਮੇਵਾਰੀ ਨਾਲ ਨਿਭਾਈ ਹੈ। ਉਨ੍ਹਾਂ ਦੀ ਕਾਰਗੁਜ਼ਾਰੀ ਕਾਰਨ ਇਲਾਕੇ ਵਿੱਚ ਅਮਨ-ਸ਼ਾਂਤੀ ਬਣੀ ਰਹੀ ਹੈ ਅਤੇ ਲੋਕਾਂ ਵਿੱਚ ਪੁਲਿਸ ਪ੍ਰਤੀ ਭਰੋਸਾ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਰਪਿਤ ਮੁਲਾਜ਼ਮ ਹੀ ਪੁਲਿਸ ਵਿਭਾਗ ਦੀ ਅਸਲ ਤਾਕਤ ਹੁੰਦੇ ਹਨ।

ਇਸ ਮੌਕੇ ਉਨ੍ਹਾਂ ਨੇ ਏ.ਐਸ.ਆਈ. ਰਾਮ ਸ਼ਾਹ ਨੂੰ ਅੱਗੇ ਵੀ ਇਸੇ ਤਰ੍ਹਾਂ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ ਅਤੇ ਚੰਗੇ ਕੰਮ ਦੀ ਹਮੇਸ਼ਾ ਕਦਰ ਹੁੰਦੀ ਹੈ।

ਇਸ ਮੌਕੇ ਚੌਂਕੀ ਇੰਚਾਰਜ ਆਸਰੋਂ ਏ.ਐਸ.ਆਈ. ਸਿਕੰਦਰਪਾਲ ਅਤੇ ਏ.ਐਸ.ਆਈ. ਧਰਮਪਾਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਉਨ੍ਹਾਂ ਨੇ ਵੀ ਏ.ਐਸ.ਆਈ. ਰਾਮ ਸ਼ਾਹ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।

ਸਨਮਾਨ ਪ੍ਰਾਪਤ ਕਰਨ ਮੌਕੇ ਏ.ਐਸ.ਆਈ. ਰਾਮ ਸ਼ਾਹ ਨੇ ਇੰਸਪੈਕਟਰ ਕਮਲ ਤਨੇਜਾ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਅੱਗੇ ਤੋਂ ਵੀ ਇਸ ਤੋਂ ਵਧੀਆ ਕੰਮ ਕਰਨਗੇ ਅਤੇ ਇਲਾਕੇ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡਣਗੇ।

ਅੰਤ ਵਿੱਚ ਇੰਸਪੈਕਟਰ ਕਮਲ ਤਨੇਜਾ ਨੇ ਕਿਹਾ ਕਿ ਅੱਗੇ ਤੋਂ ਜੋ ਵੀ ਮੁਲਾਜ਼ਮ ਵਧੀਆ ਕੰਮ ਕਰੇਗਾ, ਉਸ ਨੂੰ ਇਸੇ ਤਰ੍ਹਾਂ ਸਨਮਾਨਿਤ ਕੀਤਾ ਜਾਵੇਗਾ, ਤਾਂ ਜੋ ਹੋਰ ਮੁਲਾਜ਼ਮਾਂ ਨੂੰ ਵੀ ਚੰਗਾ ਕੰਮ ਕਰਨ ਦੀ ਪ੍ਰੇਰਨਾ ਮਿਲ ਸਕੇ ਅਤੇ ਥਾਣੇ ਦਾ ਮਾਹੌਲ ਹੋਰ ਵੀ ਵਧੀਆ ਬਣ ਸਕੇ।