ਗੜ੍ਹਸ਼ੰਕਰ, 30 ਸਤੰਬਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਡਾਇਰੈਕਟੋਰੇਟ ਆਫ਼ ਐਜ਼ੂਕੇਸ਼ਨ ਦੇ ਨਿਰਦੇਸ਼ ਤਹਿਤ ਕਾਲਜ ਦੇ ਕੈਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਵਲੋਂ ਆਈ. ਕਿਯੂ. ਏ. ਸੀ. ਸੈੱਲ ਦੇ ਸਹਿਯੋਗ ਨਾਲ ਸੱਤ ਦਿਨਾਂ ਰੁਜ਼ਗਾਰ ਯੋਗਤਾ ਅਤੇ ਹੁਨਰ ਸਿਖਲਾਈ ਪ੍ਰੋਗਰਾਮ ਆਰੰਭ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਮਹਿੰਦਰਾ ਐਂਡ ਮਹਿੰਦਰਾ ਨੰਦੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਾਲਜ ਵਿਦਿਆਰਥੀਆਂ ਨੂੰ ਵਪਾਰਕ ਅਤੇ ਪੇਸ਼ੇਵਰ ਹੁਨਰ ਵਿਕਾਸ ਸੰਬੰਧੀ ਉਤਸ਼ਾਹਿਤ ਕਰਨ ਲਈ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਮਹਿੰਦਰਾ ਐਂਡ ਮਹਿੰਦਰਾ ਨੰਦੀ ਫਾਊਂਡੇਸ਼ਨ ਵਲੋਂ ਮੁੱਖ ਬੁਲਾਰੇ ਵਜੋਂ ਮੈਡਮ ਰਿਤਿਕਾ ਨੇ ਸ਼ਿਰਕਤ ਕੀਤੀ।
ਮੁੱਖ ਬੁਲਾਰੇ ਮੈਡਮ ਰਿਤਿਕਾ ਨੇ ਵਿਦਿਆਰਥੀਆਂ ਨੂੰ ਕੈਰੀਅਰ ਦੇ ਵਿਕਾਸ ਦੇ ਮਹੱਤਵਪੂਰਨ ਪਹਿਲੂਆਂ ’ਤੇ ਮਾਰਗਦਰਸ਼ਨ ਕਰਦਿਆਂ, ਸੰਚਾਰ ਹੁਨਰ, ਇੰਟਰਵਿਊ ਤਕਨੀਕ, ਨਿੱਜੀ ਵਿਵਰਣ ਤਿਆਰ ਕਰਨ ਸਮੇਤ ਕੰਮ ਦੀ ਥਾਂ ’ਤੇ ਨੈਤਿਕਤਾ ਸਬੰਧੀ ਵਿਚਾਰ ਰੱਖੇ।
ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਮੁੱਖ ਬੁਲਾਰੇ ਮੈਡਮ ਰਿਤਿਕਾ ਦਾ ਸਵਾਗਤ ਕਰਦਿਆਂ ਕੈਰੀਅਰ ਅਧਾਰਿਤ ਸਿੱਖਿਆ ਪ੍ਰਦਾਨ ਕਰਨ ਲਈ ਅਦਾਰੇ ਦੀ ਵੱਚਨਬੱਧਤਾ ’ਤੇ ਜ਼ੋਰ ਦਿੰਦੇ ਹੋਏ ਇੰਜ. ਸੁਖਮਿੰਦਰ ਸਿੰਘ ਸਕੱਤਰ ਸਿੱਖਿਆ ਅਤੇ ਡਾਇਰੈਕਟੋਰੇਟ ਆਫ਼ ਐਜ਼ੂਕੇਸ਼ਨ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀ ਦੇ ਕੈਰੀਅਰ ਵਿਚ ਵਾਧੇ ਲਈ ਬਹੁਤ ਹੀ ਲਾਹੇਵੰਦ ਹੋਵੇਗਾ।
ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਦਾ ਹੁਨਰ ਵਧਾਉਣ, ਵਿਦਿਆਰਥੀਆਂ ਨੂੰ ਰੁਜ਼ਗਾਰ ਲਈ ਤਿਆਰ ਕਰਨ, ਭਵਿੱਖ ਦੇ ਕੈਰੀਅਰ ਵਿਚ ਕਾਮਯਾਬ ਹੋਣ ਲਈ ਸਮੇਂ ਦੇ ਹਾਣੀ ਬਣਾਉਣ ਲਈ ਯਤਨਸ਼ੀਲ ਹੈ।
ਕੈਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਦੇ ਕੋਆਰਡੀਨੇਟਰ ਡਾ. ਗੁਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਅਜੋਕੀ ਨੌਕਰੀ ਮਾਰਕੀਟ ਵਿਚ ਹੁਨਰ ਅਧਾਰਿਤ ਸਿੱਖਿਆ ਦੀ ਮਹੱਤਤਾ ’ਤੇ ਚਾਨਣਾ ਪਾਇਆ।
ਸਟੇਜ ਦੀ ਕਾਰਵਾਈ ਪ੍ਰੋ. ਕਿਰਨਜੋਤ ਕੌਰ ਵਲੋਂ ਚਲਾਈ ਗਈ।
ਇਸ ਮੌਕੇ ਡਾ. ਕੁਲਦੀਪ ਕੌਰ, ਡਾ. ਮੁਕੇਸ਼ ਕੁਮਾਰ, ਪ੍ਰੋ. ਮਨਬੀਰ ਕੁਮਾਰ, ਹੋਰ ਸਟਾਫ਼ ਮੈਂਬਰ ਅਤੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਹਾਜ਼ਰ ਹੋਏ।
