ਹੁਸ਼ਿਆਰਪੁਰ, 26 ਸਤੰਬਰ:- ਸੰਤ ਬਾਬਾ ਨਿਰਮਲ ਦਾਸ ਬਾਬੇਜੌੜੇ, ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ, ਸੰਤ ਰਮੇਸ਼ ਦਾਸ ਕਲਰਾਂ ਸ਼ੇਰਪੁਰ ਢਕੌਂ, ਜੁਆਇੰਟ ਸਕੱਤਰ ਅਤੇ ਡਾ. ਅਵਤਾਰ ਸਿੰਘ ਕਰੀਮਪੁਰੀ, ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਵਿਸ਼ੇਸ਼ ਤੌਰ ’ਤੇ ਪਿੰਡ ਬਾੜੀਆਂ ਪਹੁੰਚੇ, ਜਿਥੇ ਉਨ੍ਹਾਂ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਵੀ ਦੀ ਸਖਤ ਨਿੰਦਿਆ ਕੀਤੀ ਅਤੇ ਬੇਅਦਵੀ ਲਈ ਜਿੰਮੇਵਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾ ਦੀ ਮੰਗ ਕੀਤੀ ਤਾਂ ਕਿ ਦੁਬਾਰਾ ਅਜਿਹੀਆਂ ਮੰਦਭਾਗੀ ਘਟਨਾਵਾਂ ਨਾ ਵਾਪਰਨ।

ਇਸ ਮੌਕੇ ਡਾ. ਕਰੀਮਪੁਰੀ ਨੇ ਸ਼ਾਸਨ ਅਤੇ ਪ੍ਰਸ਼ਾਸਨ ਨੂੰ ਕਰੜੇ ਹੱਥੀਂ ਲੈਂਦਿਆਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ, ਬਾੜੀਆਂ ਕਲਾਂ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਖਰਚੇ ’ਤੇ ਤੁਰੰਤ ਨਵਾਂ ਬੁੱਤ ਸਥਾਪਿਤ ਕਰੇ, ਅਤੇ ਪੰਜਾਬ ਤੇ ਕੇਂਦਰ ਸਰਕਾਰ ਮਿਲ ਕੇ ਬਹੁਜਨ ਮਹਾਂਪੁਰਸ਼ਾਂ ਦੇ ਬੁੱਤਾਂ ਦੀ ਸੁਰੱਖਿਆ ਲਈ ਸੀ.ਸੀ.ਟੀ.ਵੀ. ਕੈਮਰੇ ਤੇ ਲਾਈਟਾਂ ਦਾ ਪ੍ਰਬੰਧ ਕਰਨ। ਉਹਨਾਂ ਐਲਾਨ ਕੀਤਾ ਕਿ 2027 ਵਿੱਚ ਡਾ. ਅੰਬੇਡਕਰ ਜੀ ਦੀ ਸੋਚ ਦੀ ਬਸਪਾ ਸਰਕਾਰ ਬਣਾ ਕੇ ਇਸ ਅਪਮਾਨ ਦਾ ਬਦਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਬਣਾ ਕੇ ਬਸਪਾ ਡਾ. ਅੰਬੇਡਕਰ ਦੇ ਬੁੱਤਾਂ ਦੀ ਰਾਖੀ ਕਰੇਗੀ।

ਇਸ ਮੌਕੇ ਪਿੰਡ ਦਾ ਬੀਐਸਪੀ ਅਤੇ ਮਹਿਲਾ ਬੀਐਸਪੀ ਯੂਨਿਟ ਵੀ ਬਣਾਇਆ ਅਤੇ ਸੰਗਤਾਂ ਨੂੰ ਅੰਦੋਲਨ ਦੀ ਕਾਮਯਾਬੀ ਲਈ ਡਟੇ ਰਹਿਣ ਦਾ ਸੱਦਾ ਦਿੱਤਾ ਅਤੇ 9 ਅਕਤੂਬਰ ਨੂੰ ਸਾਹਿਬ ਸ਼੍ਰੀ ਰਾਮ ਜੀ ਦੇ ਪ੍ਰੀ ਨਿਰਵਾਨ ਦਿਵਸ ’ਤੇ ਬਸਪਾ ਦੀ ਸਰਕਾਰ ਬਣਾਓ ਰੈਲੀ ਵਿੱਚ ਵੱਡੇ ਪੱਧਰ ’ਤੇ ਆਦਮਪੁਰ ਰੈਲੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।

ਇਸ ਮੌਕੇ ਠੇਕੇਦਾਰ ਭਗਵਾਨ ਦਾਸ ਸਿੱਧੂ ਇੰਚਾਰਜ ਲੋਕ ਸਭਾ, ਐਡਵੋਕੇਟ ਪਲਵਿੰਦਰ ਮਾਨਾ, ਬੀਬੀ ਸਰਪੰਚ ਸਾਹਿਬਾ ਬਾੜੀਆਂ, ਅਮਨਦੀਪ ਸਿੱਧੂ ਬਾੜੀਆਂ, ਵਿੱਕੀ, ਰੋਹਿਤ, ਰਕੇਸ਼ ਕਿਟੀ, ਪਰਦੀਪ ਮੱਲ, ਪਰਮਿੰਦਰ ਬੋਧ, ਸੁਰਿੰਦਰ ਢੰਡਾ, ਗੜਸ਼ੰਕਰ ਵਿਧਾਨ ਸਭਾ ਦੇ ਇੰਚਾਰਜ ਬਖਸ਼ੀਸ਼ ਭੀਮ, ਹਰਵਿੰਦਰ ਸਿੰਘ ਬਾਹੋਵਾਲ, ਅਮਨਦੀਪ ਸਿੱਧੂ, ਕੁਲਦੀਪ ਸਿੰਘ ਬੀਬੀਐਫ ਤੋਂ ਇਲਾਵਾ ਹੋਰ ਬਸਪਾ ਸਮਰਥਕ ਅਤੇ ਲੀਡਰਸ਼ਿਪ ਹਾਜ਼ਰ ਸੀ।