ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਰੋਟਰੀ ਆਈ ਬੈਂਕ ਐਂਡ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਸੋਸਾਇਟੀ ਹੁਸ਼ਿਆਰਪੁਰ ਵੱਲੋਂ ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਨਿਰਦੇਸ਼ਾਂ ਹੇਠ ਸੀਐਚਸੀ ਝੁੰਗੀਆਂ-ਬੀਨੇਵਾਲ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਅੱਖਾਂ ਦੇ ਰੋਗਾਂ ਦੀ ਮਾਹਿਰ ਡਾ. ਪਰਵਿੰਦਰ ਕੌਰ ਐਮਐਸ (ਆਈਜ਼) ਨੇ 340 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।
ਕੈਂਪ ਦਾ ਉਦਘਾਟਨ ਡਾ. ਪਰਵਿੰਦਰ ਕੌਰ ਅਤੇ ਸੀਐਚਸੀ ਬੀਨੇਵਾਲ ਦੇ ਐਸਐਮਓ ਡਾ. ਨਿਰਮਲ ਕੁਮਾਰ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਜੇਬੀ ਬਹਿਲ ਨੇ ਦੋਵਾਂ ਡਾਕਟਰਾਂ ਨੂੰ ਬੂਟੇ ਭੇਟ ਕਰਕੇ ਸਨਮਾਨਿਤ ਕੀਤਾ।
220 ਮਰੀਜ਼ਾਂ ਨੂੰ ਮੁਫ਼ਤ ਐਨਕਾਂ, 77 ਦੇ ਹੋਣਗੇ ਆਪ੍ਰੇਸ਼ਨ
ਜਾਂਚ ਦੌਰਾਨ 220 ਮਰੀਜ਼ਾਂ ਨੂੰ ਐਨਕਾਂ ਦੀ ਲੋੜ ਪਾਈ ਗਈ, ਜਿਨ੍ਹਾਂ ਨੂੰ ਸੋਸਾਇਟੀ ਵੱਲੋਂ ਮੁਫ਼ਤ ਐਨਕਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ 77 ਮਰੀਜ਼ਾਂ ਦੀਆਂ ਅੱਖਾਂ ਦੇ ਵੱਖ-ਵੱਖ ਤਰ੍ਹਾਂ ਦੇ ਆਪ੍ਰੇਸ਼ਨ ਜ਼ਰੂਰੀ ਪਾਏ ਗਏ। ਇਨ੍ਹਾਂ ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਤਰੀਕਾਂ ਵੀ ਦੇ ਦਿੱਤੀਆਂ ਗਈਆਂ ਹਨ। ਇਸ ਦੌਰਾਨ ਸੱਤ ਮਰੀਜ਼ਾਂ ਵਿੱਚ ਕੋਰਨੀਆ ਸਬੰਧੀ ਸਮੱਸਿਆਵਾਂ ਦੀ ਪਛਾਣ ਵੀ ਹੋਈ।
ਸੋਸਾਇਟੀ ਦੇ ਸਹਿਯੋਗ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਤਾਲਮੇਲ ਨਾਲ 77 ਮਰੀਜ਼ਾਂ ਦੇ ਆਪ੍ਰੇਸ਼ਨ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਮੁਫ਼ਤ ਕੀਤੇ ਜਾਣਗੇ। ਮਰੀਜ਼ਾਂ ਨੂੰ ਸੀਐਚਸੀ ਬੀਨੇਵਾਲ ਤੋਂ ਬੱਸ ਰਾਹੀਂ ਹਸਪਤਾਲ ਲਿਜਾਇਆ ਜਾਵੇਗਾ ਅਤੇ ਆਪ੍ਰੇਸ਼ਨ ਤੋਂ ਬਾਅਦ ਅਗਲੀ ਸਵੇਰ ਵਾਪਸ ਸੀਐਚਸੀ ਬੀਨੇਵਾਲ ਛੱਡਿਆ ਜਾਵੇਗਾ। ਸੋਸਾਇਟੀ ਅਨੁਸਾਰ ਇਸ ਸਾਰੀ ਪ੍ਰਕਿਰਿਆ ਲਈ ਮਰੀਜ਼ਾਂ ਨੂੰ ਕੋਈ ਖਰਚਾ ਨਹੀਂ ਕਰਨਾ ਪਵੇਗਾ।
ਅਫ਼ਗਾਨਿਸਤਾਨ ਦੇ ਦੋ ਲੋੜਵੰਦ ਨੌਜਵਾਨਾਂ ਦੀ ਵੀ ਮਦਦ ਕਰੇਗੀ ਸੋਸਾਇਟੀ
ਸੋਸਾਇਟੀ ਦੇ ਚੇਅਰਮੈਨ ਜੇਬੀ ਬਹਿਲ ਨੇ ਦੱਸਿਆ ਕਿ ਸੰਸਥਾ ਕੋਰਨੀਆ ਦੀਆਂ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਨੂੰ ਕੋਰਨੀਆ ਟ੍ਰਾਂਸਪਲਾਂਟ ਦੀ ਸਹੂਲਤ ਮੁਹੱਈਆ ਕਰਵਾ ਕੇ ਉਨ੍ਹਾਂ ਦੇ ਜੀਵਨ ਵਿੱਚ ਰੌਸ਼ਨੀ ਲਿਆਉਣ ਲਈ ਯਤਨਸ਼ੀਲ ਹੈ। ਸੰਸਥਾ ਵੱਲੋਂ ਵਿਦੇਸ਼ਾਂ ਵਿੱਚ ਰਹਿੰਦੇ ਲੋੜਵੰਦ ਮਰੀਜ਼ਾਂ ਦੀ ਵੀ ਮਦਦ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਵਾਰ ਅਫ਼ਗਾਨਿਸਤਾਨ ਦੇ 16 ਅਤੇ 20 ਸਾਲ ਦੇ ਦੋ ਨੌਜਵਾਨਾਂ ਨੇ ਸੋਸਾਇਟੀ ਨਾਲ ਸੰਪਰਕ ਕੀਤਾ ਹੈ। ਦੋਵੇਂ ਕੋਰਨੀਆ ਸਬੰਧੀ ਬਿਮਾਰੀ ਤੋਂ ਪੀੜਤ ਹਨ ਅਤੇ ਆਰਥਿਕ ਪੱਖੋਂ ਬੇਹੱਦ ਕਮਜ਼ੋਰ ਹਨ। ਸੋਸਾਇਟੀ ਵੱਲੋਂ ਉਨ੍ਹਾਂ ਦੀਆਂ ਹਵਾਈ ਟਿਕਟਾਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਜਲੰਧਰ ਵਿੱਚ ਮੁਫ਼ਤ ਆਪ੍ਰੇਸ਼ਨ ਕਰਵਾਉਣ ਵਿੱਚ ਵੀ ਸਹਾਇਤਾ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਬੀਨੇਵਾਲ ਕੈਂਪ ਦੌਰਾਨ ਕੋਰਨੀਆ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਨੂੰ ਕੋਰਨੀਆ ਉਪਲਬਧ ਹੋਣ ’ਤੇ ਮੁਫ਼ਤ ਟ੍ਰਾਂਸਪਲਾਂਟ ਦੀ ਸਹੂਲਤ ਦਿੱਤੀ ਜਾਵੇਗੀ।
ਸਿਹਤ ਵਿਭਾਗ ਦੇ ਸਟਾਫ਼ ਨੇ ਦਿੱਤਾ ਸਹਿਯੋਗ
ਕੈਂਪ ਦੇ ਪ੍ਰਬੰਧਾਂ ਵਿੱਚ ਐਸਐਮਓ ਡਾ. ਨਿਰਮਲ ਕੁਮਾਰ ਅਤੇ ਸੀਐਚਸੀ ਬੀਨੇਵਾਲ ਦੇ ਸਮੁੱਚੇ ਸਟਾਫ਼ ਨੇ ਸਹਿਯੋਗ ਦਿੱਤਾ। ਇਸ ਮੌਕੇ ਡਾ. ਸੰਦੀਪ ਸਿੰਘ, ਡਾ. ਗੁਰਪ੍ਰਤਾਪ ਸਿੰਘ, ਡਾ. ਤਰਨਵੀਰ ਸਿੰਘ, ਡਾ. ਪੱਲਵੀ, ਨਮਰਤਾ, ਪ੍ਰੀਤੀ, ਵੀਨਾ ਸੋਨੀ, ਰਾਜਵੀਰ ਕੌਰ, ਸੁਨੀਤਾ ਰਾਣੀ, ਰਾਜ ਰਾਣੀ, ਮਨਦੀਪ ਕੌਰ, ਰਾਜ ਕੁਮਾਰ, ਸੁਖਜਿੰਦਰ ਸਿੰਘ, ਪਰਮਜੀਤ ਸਿੰਘ, ਮੁਕੇਸ਼ ਕੁਮਾਰ, ਵਿਨੈ ਕੁਮਾਰ, ਵਿਜੈ ਕੁਮਾਰ, ਰਵਿੰਦਰ ਕੁਮਾਰ, ਧਰਮਿੰਦਰ ਸਿੰਘ, ਰੋਸ਼ਨ ਲਾਲ, ਬਲਜੀਤ ਸਿੰਘ ਅਤੇ ਜਸਵਿੰਦਰ ਕੁਮਾਰ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।
ਕੈਂਪ ਦੇ ਪ੍ਰਬੰਧਕਾਂ ਵਿੱਚ ਜੇਬੀ ਬਹਿਲ, ਜਸਵੀਰ ਕੰਵਰ, ਜੀਐਸ ਬਾਵਾ, ਸੁਮਨ ਨਈਅਰ, ਅਸ਼ੋਕ ਜੈਨ, ਪ੍ਰੋਫੈਸਰ ਦਲਜੀਤ ਸਿੰਘ, ਪ੍ਰਿੰਸੀਪਲ ਬਿੱਕਰ ਸਿੰਘ, ਅਜਾਇਬ ਸਿੰਘ ਬੋਪਾਰਾਏ, ਓਂਕਾਰ ਸਿੰਘ ਚਾਹਲਪੁਰੀ, ਡਾ. ਤਰਸੇਮ ਸਿੰਘ, ਰਮਨਦੀਪ ਸਿੰਘ, ਰਾਜਨ ਮੱਲਣ, ਡਾ. ਲਖਵਿੰਦਰ ਕੁਮਾਰ, ਰਵਿੰਦਰ ਬਿੰਦੂ ਭੁਬਲਾਂ, ਕ੍ਰਿਸ਼ਨ ਕਿਸ਼ੋਰ, ਨਰੇਸ਼ ਭੁਬਲਾਂ ਅਤੇ ਰਾਮ ਜੀ ਦਾਸ ਚੌਹਾਨ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਸਰਪੰਚ ਸੰਜੇ ਪਿੱਪਲੀਵਾਲ, ਸਰਪੰਚ ਬਲਵਿੰਦਰ ਸਿੰਘ ਬੋਪਾਰਾਏ, ਸਰਪੰਚ ਸੰਜੀਵ ਸਿੰਘ, ਆਮ ਆਦਮੀ ਪਾਰਟੀ ਦੇ ਗੜ੍ਹਸ਼ੰਕਰ ਸੰਗਠਨ ਇੰਚਾਰਜ ਚਰਨਜੀਤ ਸਿੰਘ ਚੰਨੀ ਅਤੇ ਜਗਦੇਵ ਸਿੰਘ ਗੜ੍ਹੀਮਾਨਸੇਵਾਲ ਵੀ ਪਹੁੰਚੇ।
ਫੋਟੋ ਕੈਪਸ਼ਨ: ਸੀਐਚਸੀ ਝੁੰਗੀਆਂ-ਬੀਨੇਵਾਲ ਵਿਖੇ ਅੱਖਾਂ ਦੇ ਜਾਂਚ ਕੈਂਪ ਦਾ ਉਦਘਾਟਨ ਕਰਦੇ ਹੋਏ ਡਾ. ਪਰਵਿੰਦਰ ਕੌਰ ਐਮਐਸ (ਆਈਜ਼) ਅਤੇ ਐਸਐਮਓ ਡਾ. ਨਿਰਮਲ ਕੁਮਾਰ। ਨਾਲ ਸੋਸਾਇਟੀ ਦੇ ਚੇਅਰਮੈਨ ਜੇਬੀ ਬਹਿਲ, ਡਾ. ਤਰਸੇਮ ਸਿੰਘ ਅਤੇ ਹੋਰ ਪਤਵੰਤੇ।
