ਚੰਡੀਗੜ੍ਹ, 9 ਅਕਤੂਬਰ 2026: ਪੰਜਾਬ ਐੱਫ਼.ਸੀ. ਨੇ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) 2026-27 ਸੀਜ਼ਨ ਲਈ ਆਪਣੀ 27 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਵਿੱਚ ਤਜਰਬੇਕਾਰ ਖਿਡਾਰੀਆਂ ਦੇ ਨਾਲ ਅਕੈਡਮੀ ਤੋਂ ਉੱਭਰੇ 10 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਘਰੇਲੂ ਪ੍ਰਤਿਭਾ ਨੂੰ ਨਿਖਾਰਨ ਪ੍ਰਤੀ ਕਲੱਬ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸ਼ੇਰ ਆਪਣੀ ਆਈ.ਐੱਸ.ਐੱਲ. ਮੁਹਿੰਮ ਦੀ ਸ਼ੁਰੂਆਤ ਬੁੱਧਵਾਰ, 14 ਅਕਤੂਬਰ ਨੂੰ ਨਵੀਂ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਓਡੀਸ਼ਾ ਐੱਫ਼.ਸੀ. ਵਿਰੁੱਧ ਘਰੇਲੂ ਮੈਚ ਨਾਲ ਕਰਨਗੇ।
ਮਜ਼ਬੂਤ ਭਾਰਤੀ ਖਿਡਾਰੀਆਂ ਅਤੇ ਸੋਚ-ਸਮਝ ਕੇ ਸ਼ਾਮਲ ਕੀਤੇ ਗਏ ਨਵੇਂ ਖਿਡਾਰੀਆਂ ਦੇ ਸੁਮੇਲ ਨਾਲ ਪੰਜਾਬ ਐੱਫ਼.ਸੀ. ਆਪਣੇ ਚੌਥੇ ਆਈ.ਐੱਸ.ਐੱਲ. ਸੀਜ਼ਨ ਲਈ ਤਿਆਰ ਹੈ। ਟੀਮ ਦੀ ਚੋਣ ਇਸ ਤਰ੍ਹਾਂ ਕੀਤੀ ਗਈ ਹੈ ਕਿ ਉਹ ਮੁਕਾਬਲੇ ਵਿੱਚ ਮਜ਼ਬੂਤੀ ਨਾਲ ਉਤਰਨ ਦੇ ਨਾਲ-ਨਾਲ ਖਿਡਾਰੀਆਂ ਦੇ ਵਿਕਾਸ ਪ੍ਰਤੀ ਕਲੱਬ ਦੀ ਵਚਨਬੱਧਤਾ ਨੂੰ ਵੀ ਕਾਇਮ ਰੱਖੇ।
ਕਲੱਬ ਨਾਲ ਆਪਣੇ ਪਹਿਲੇ ਸੀਜ਼ਨ ਵਿੱਚ ਮੁੱਖ ਕੋਚ ਪਾਵਲੋਸ ਡਰਮਿਟਜ਼ਾਕਿਸ ਨੇ ਅਜਿਹੀ ਟੀਮ ਚੁਣੀ ਹੈ, ਜਿਸ ਵਿੱਚ ਪੁਰਾਣੇ ਖਿਡਾਰੀਆਂ ਦੀ ਨਿਰੰਤਰਤਾ ਦੇ ਨਾਲ ਹਰ ਵਿਭਾਗ ਵਿੱਚ ਨਵੇਂ ਵਿਕਲਪ ਵੀ ਮੌਜੂਦ ਹਨ। ਪਿਛਲੇ ਸੀਜ਼ਨ ਦੀ ਆਈ.ਐੱਸ.ਐੱਲ. ਟੀਮ ਦੇ 14 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਭਾਰਤੀ ਰਾਸ਼ਟਰੀ ਟੀਮ ਦੇ ਖਿਡਾਰੀ ਬਿਜੋਏ ਵਰਗੀਜ਼, ਰਿੱਕੀ ਸ਼ਾਬੋਂਗ, ਮੁਹੰਮਦ ਉਵੈਸ, ਨਿਖਿਲ ਪ੍ਰਭੂ ਅਤੇ ਮੁਹੰਮਦ ਸੁਹੇਲ ਐੱਫ਼ ਦੇ ਨਾਲ ਅਰਸ਼ਦੀਪ ਸਿੰਘ, ਖੈਮਿੰਥਾਂਗ ਲੁੰਗਡਿਮ ਅਤੇ ਲਿਓਨ ਆਗਸਟੀਨ ਸ਼ਾਮਲ ਹਨ।
ਪੈਟ੍ਰਿਕ ਬਹਾਨਾਕ, ਮਿਕੇਲ ਮਾਲਸਾ, ਡਿਏਗੋ ਰਾਪੋਸੋ, ਅਲਫ੍ਰੇਡ ਪਲਾਨਾਸ ਮੋਯਾ ਅਤੇ ਰਾਫੇਲ ਮੇਸੀ ਬੌਲੀ ਟੀਮ ਵਿੱਚ ਸ਼ਾਮਲ ਵਿਦੇਸ਼ੀ ਖਿਡਾਰੀ ਹਨ। ਟੀਮ ਵਿੱਚ ਨਵੇਂ ਭਾਰਤੀ ਖਿਡਾਰੀਆਂ ਮੁਹੰਮਦ ਇਨਾਮ ਅਤੇ ਗੁਰਕੀਰਤ ਸਿੰਘ ਨੂੰ ਵੀ ਜਗ੍ਹਾ ਦਿੱਤੀ ਗਈ ਹੈ।
ਟੀਮ ਵਿੱਚ ਅਕੈਡਮੀ ਤੋਂ ਉੱਭਰੇ 10 ਖਿਡਾਰੀ ਸ਼ਾਮਲ ਹਨ, ਜੋ ਪਿਛਲੇ ਸੀਜ਼ਨ ਦੇ ਮੁਕਾਬਲੇ ਤਿੰਨ ਵੱਧ ਹਨ। ਉਮਰ ਵਰਗ ਦੀਆਂ ਲੀਗਾਂ ਅਤੇ ਹਾਲ ਹੀ ਵਿੱਚ ਸਮਾਪਤ ਹੋਏ ਆਈ.ਐੱਫ਼.ਏ. ਸ਼ੀਲਡ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਇਨ੍ਹਾਂ ਖਿਡਾਰੀਆਂ ਨੂੰ ਟੀਮ ਵਿੱਚ ਜਗ੍ਹਾ ਮਿਲੀ ਹੈ। ਆਈ.ਐੱਫ਼.ਏ. ਸ਼ੀਲਡ ਵਿੱਚ ਸ਼ੇਰਾਂ ਨੇ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ।
ਪਿਛਲੇ ਸੀਜ਼ਨ ਦੀ ਟੀਮ ਦਾ ਹਿੱਸਾ ਰਹੇ ਗੋਲਕੀਪਰ ਆਯੁਸ਼ ਦੇਸ਼ਵਾਲ, ਮਿਡਫੀਲਡਰ ਮੰਗਲੇਨਥਾਂਗ ਕਿਪਗੇਨ ਅਤੇ ਫਾਰਵਰਡ ਮੁਹੰਮਦ ਸੁਹੇਲ ਐੱਫ਼ ਅਤੇ ਵਿਸ਼ਾਲ ਯਾਦਵ ਦੇ ਨਾਲ ਇਸ ਵਾਰ ਡਿਫੈਂਡਰ ਨਗਾਰਿਨ ਸ਼ਾਈਜ਼ਾ, ਸੋਹੇਲ ਖਾਨ ਅਤੇ ਕਰਿਸ਼ ਸੋਰਮ, ਮਿਡਫੀਲਡਰ ਬਿਸ਼ੂ ਸ਼ਰਮਾ ਅਤੇ ਲੈਸ਼ਰਾਮ ਰਿਸ਼ੀਕਾਂਤਾ ਮੀਤੇਈ, ਅਤੇ ਫਾਰਵਰਡ ਕੋਂਸਮ ਸਨਾਥੋਈ ਸਿੰਘ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਨਵੇਂ ਸੀਜ਼ਨ ਤੋਂ ਪਹਿਲਾਂ ਮੁੱਖ ਕੋਚ ਪਾਵਲੋਸ ਡਰਮਿਟਜ਼ਾਕਿਸ ਨੇ ਟੀਮ ’ਤੇ ਭਰੋਸਾ ਜਤਾਉਂਦਿਆਂ ਕਿਹਾ, “ਇਹ ਟੀਮ ਇਸ ਸਪੱਸ਼ਟ ਸੋਚ ਨਾਲ ਤਿਆਰ ਕੀਤੀ ਗਈ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਫੁੱਟਬਾਲ ਖੇਡਣਾ ਚਾਹੁੰਦੇ ਹਾਂ। ਟੀਮ ਵਿੱਚ ਸੰਤੁਲਨ ਨੂੰ ਲੈ ਕੇ ਮੈਂ ਬਹੁਤ ਖੁਸ਼ ਹਾਂ। ਸਾਡੇ ਕੋਲ ਹਰ ਵਿਭਾਗ ਵਿੱਚ ਤਜਰਬੇਕਾਰ ਖਿਡਾਰੀ ਹਨ, ਅਜਿਹੇ ਖਿਡਾਰੀ ਹਨ ਜੋ ਇਸ ਕਲੱਬ ਅਤੇ ਲੀਗ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਅਤੇ ਸਾਡੀ ਅਕੈਡਮੀ ਦੇ 10 ਨੌਜਵਾਨ ਖਿਡਾਰੀ ਹਨ, ਜਿਨ੍ਹਾਂ ਨੇ ਹਰ ਰੋਜ਼ ਆਪਣੀ ਮਿਹਨਤ ਨਾਲ ਟੀਮ ਵਿੱਚ ਜਗ੍ਹਾ ਬਣਾਈ ਹੈ।
“ਆਈ.ਐੱਸ.ਐੱਲ. ਦਾ ਕਾਰਜਕ੍ਰਮ ਕਾਫ਼ੀ ਚੁਣੌਤੀਪੂਰਨ ਹੁੰਦਾ ਹੈ ਅਤੇ ਇਸ ਟੀਮ ਦੇ ਹਰ ਖਿਡਾਰੀ ਦੀ ਆਪਣੀ ਭੂਮਿਕਾ ਹੋਵੇਗੀ। ਖਿਡਾਰੀਆਂ ਨੇ ਚੰਗੀ ਤਿਆਰੀ ਕੀਤੀ ਹੈ, ਡ੍ਰੈਸਿੰਗ ਰੂਮ ਵਿੱਚ ਕੁਝ ਕਰ ਦਿਖਾਉਣ ਦਾ ਜਜ਼ਬਾ ਹੈ ਅਤੇ ਅਸੀਂ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਤਿਆਰ ਹਾਂ।”
ਮੁੱਖ ਕੋਚ ਨੂੰ ਸਹਾਇਕ ਕੋਚ ਜਾਰਜਿਓਸ ਐਂਜਲਿਡਿਸ ਅਤੇ ਭਾਰਤੀ ਸਹਾਇਕ ਕੋਚ ਸ਼ੰਕਰਲਾਲ ਚੱਕਰਵਰਤੀ ਦਾ ਸਹਿਯੋਗ ਮਿਲੇਗਾ। ਉਨ੍ਹਾਂ ਦੇ ਨਾਲ ਕ੍ਰਿਸਟੋਸ ਵੋਰਗਿਆਟਜ਼ਿਡਿਸ ਤਾਕਤ ਅਤੇ ਸਰੀਰਕ ਤੰਦਰੁਸਤੀ ਕੋਚ, ਜਦਕਿ ਵਿਨੈ ਸਿੰਘ ਗੋਲਕੀਪਿੰਗ ਕੋਚ ਦੀ ਭੂਮਿਕਾ ਨਿਭਾਉਣਗੇ।
ਪਿਛਲੇ ਸੀਜ਼ਨ ਦੇ ਤਿੰਨੇ ਗੋਲਕੀਪਰਾਂ ਨੂੰ ਟੀਮ ਵਿੱਚ ਬਰਕਰਾਰ ਰੱਖਿਆ ਗਿਆ ਹੈ। ਤਜਰਬੇਕਾਰ ਅਰਸ਼ਦੀਪ ਸਿੰਘ ਗੋਲਕੀਪਿੰਗ ਵਿਭਾਗ ਦੀ ਅਗਵਾਈ ਕਰਨਗੇ, ਜਦਕਿ ਨੌਜਵਾਨ ਮੁਹੀਤ ਸ਼ਾਬਿਰ ਅਤੇ ਆਯੁਸ਼ ਦੇਸ਼ਵਾਲ ਵੀ ਟੀਮ ਦਾ ਹਿੱਸਾ ਹੋਣਗੇ।
ਬਿਜੋਏ ਵਰਗੀਜ਼, ਮੁਹੰਮਦ ਉਵੈਸ, ਸੁਰੇਸ਼ ਮੀਤੇਈ ਅਤੇ ਖੈਮਿੰਥਾਂਗ ਲੁੰਗਡਿਮ ਰੱਖਿਆ ਪੰਕਤੀ ਦੀ ਅਗਵਾਈ ਕਰਨਗੇ। ਨਵੇਂ ਖਿਡਾਰੀ ਪੈਟ੍ਰਿਕ ਬਹਾਨਾਕ ਦੇ ਨਾਲ ਅਕੈਡਮੀ ਤੋਂ ਉੱਭਰੇ ਨਗਾਰਿਨ ਸ਼ਾਈਜ਼ਾ, ਸੋਹੇਲ ਖਾਨ ਅਤੇ ਕਰਿਸ਼ ਸੋਰਮ ਡਿਫੈਂਸ ਨੂੰ ਹੋਰ ਮਜ਼ਬੂਤੀ ਅਤੇ ਡੂੰਘਾਈ ਦੇਣਗੇ।
ਮਿਡਫੀਲਡ ਵਿੱਚ ਪੰਜਾਬ ਐੱਫ਼.ਸੀ. ਕੋਲ ਰਚਨਾਤਮਕਤਾ, ਖੇਡ ’ਤੇ ਕਾਬੂ ਅਤੇ ਊਰਜਾ ਦਾ ਵਧੀਆ ਸੁਮੇਲ ਹੈ। ਮਿਕੇਲ ਮਾਲਸਾ ਅਤੇ ਮੰਗਲੇਨਥਾਂਗ ਕਿਪਗੇਨ ਤੋਂ ਹਮਲਾਵਰ ਚਾਲਾਂ ਦੀ ਰਣਨੀਤੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਉਮੀਦ ਹੈ, ਜਦਕਿ ਨਿਖਿਲ ਪ੍ਰਭੂ, ਰਿੱਕੀ ਸ਼ਾਬੋਂਗ ਅਤੇ ਮੁਹੰਮਦ ਇਨਾਮ ਮਿਡਫੀਲਡ ਵਿੱਚ ਸਥਿਰਤਾ ਪ੍ਰਦਾਨ ਕਰਨਗੇ। ਆਈ.ਐੱਫ਼.ਏ. ਸ਼ੀਲਡ ਵਿੱਚ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕਰਨ ਵਾਲੇ ਬਿਸ਼ੂ ਸ਼ਰਮਾ ਅਤੇ ਰਿਸ਼ੀਕਾਂਤਾ ਮੀਤੇਈ ਟੀਮ ਵਿੱਚ ਨਵੀਂ ਊਰਜਾ ਅਤੇ ਆਕਰਸ਼ਕ ਫੁੱਟਬਾਲ ਦਾ ਯੋਗਦਾਨ ਪਾਉਣਗੇ।
ਟੀਮ ਦਾ ਫਾਰਵਰਡ ਵਿਭਾਗ ਵੱਖ-ਵੱਖ ਤਰ੍ਹਾਂ ਦੇ ਹਮਲਾਵਰ ਵਿਕਲਪਾਂ ਅਤੇ ਗੋਲ ਕਰਨ ਦੀ ਸਮਰੱਥਾ ਨਾਲ ਭਰਪੂਰ ਹੈ। ਤਜਰਬੇਕਾਰ ਰਾਫੇਲ ਮੇਸੀ ਬੌਲੀ ਨੇ ਆਈ.ਐੱਫ਼.ਏ. ਸ਼ੀਲਡ ਵਿੱਚ ਤਿੰਨ ਗੋਲ ਅਤੇ ਤਿੰਨ ਅਸਿਸਟ ਨਾਲ ਪੰਜਾਬ ਐੱਫ਼.ਸੀ. ਵਿੱਚ ਆਪਣੇ ਸਫ਼ਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਉੱਥੇ ਹੀ ਹੋਰ ਵਿਦੇਸ਼ੀ ਖਿਡਾਰੀਆਂ ਡਿਏਗੋ ਰਾਪੋਸੋ ਅਤੇ ਅਲਫ੍ਰੇਡ ਪਲਾਨਾਸ ਮੋਯਾ ਨੇ ਵੀ ਸੀਜ਼ਨ ਦੀ ਚੰਗੀ ਸ਼ੁਰੂਆਤ ਕੀਤੀ ਹੈ।
