ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਅੱਜ 12 ਨਵੰਬਰ 2026 ਨੂੰ ਕੰਢੀ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਦਰਸ਼ਨ ਸਿੰਘ ਮੱਟੂ ਦੀ ਅਗਵਾਈ ਹੇਠ ਇੱਕ ਵਫ਼ਦ ਨਹਿਰ ਵਿਭਾਗ ਦੇ ਐਸ.ਡੀ.ਓ. ਦਫ਼ਤਰ ਵਿੱਚ ਜੂਨੀਅਰ ਇੰਜੀਨੀਅਰ ਸਮੀਰ ਸ਼ਰਮਾ ਨੂੰ ਮਿਲਿਆ। ਵਫ਼ਦ ਵਿੱਚ ਬੀਬੀ ਸੁਭਾਸ਼ ਮੱਟੂ, ਕੁਲਵਿੰਦਰ ਸੰਘਾ, ਡਾ. ਬਿੱਟੂ ਵਿਜ ਅਤੇ ਡਾ. ਲਖਵਿੰਦਰ ਸਿੰਘ ਲੱਕੀ ਸ਼ਾਮਲ ਸਨ। ਗੱਲਬਾਤ ਦੌਰਾਨ ਵਫ਼ਦ ਨੇ ਕੈਨੇਡਾ ਤੋਂ ਆਏ ਜਗਦੀਪ ਸਿੰਘ ਸੰਧੂ ਦਾ ਮਾਮਲਾ ਉਠਾਇਆ, ਜੋ ਛੇ ਭੈਣਾਂ ਦਾ ਇਕਲੌਤਾ ਭਰਾ ਸੀ। ਘੱਗੋ ਗੁਰੂ ਵਿਖੇ ਮੱਥਾ ਟੇਕ ਕੇ ਡੋਗਰਪੁਰ ਵਾਪਸ ਆਉਂਦਿਆਂ ਪੁਲ ’ਤੇ ਰੇਲਿੰਗ ਨਾ ਹੋਣ ਕਾਰਨ ਉਹ ਨਹਿਰ ਵਿੱਚ ਡਿੱਗ ਗਿਆ ਸੀ ਅਤੇ ਉਸ ਦੀ ਮੌਤ ਹੋ ਗਈ ਸੀ। ਪੁਲ ’ਤੇ ਨਾ ਤਾਂ ਰੇਲਿੰਗ ਹੈ ਅਤੇ ਨਾ ਹੀ ਸੋਲਰ ਲਾਈਟਾਂ, ਜਿਸ ਕਾਰਨ ਲਗਾਤਾਰ ਹਾਦਸੇ ਵਾਪਰਦੇ ਰਹਿੰਦੇ ਹਨ। ਦਰਸ਼ਨ ਸਿੰਘ ਮੱਟੂ ਨੇ ਚੇਤਾਵਨੀ ਦਿੱਤੀ ਕਿ ਜੇਕਰ 15 ਦਿਨਾਂ ਦੇ ਅੰਦਰ ਰੇਲਿੰਗ ਨਾ ਲਗਾਈ ਗਈ ਤਾਂ ਗੜ੍ਹਸ਼ੰਕਰ ਸਥਿਤ ਨਹਿਰ ਵਿਭਾਗ ਦੇ ਐਸ.ਡੀ.ਓ. ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਕੰਢੀ ਸੰਘਰਸ਼ ਕਮੇਟੀ ਦੇ ਸਾਥੀਆਂ ਨੂੰ ਸੁਚੇਤ ਹੋ ਕੇ ਸੰਘਰਸ਼ਾਂ ਵਿੱਚ ਸਰਗਰਮੀ ਨਾਲ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ।