ਪਟਿਆਲਾ, 12 ਨਵੰਬਰ (ਪਰਮਜੀਤ ਸਿੰਘ ਪਰਵਾਨਾ):-ਪਟਿਆਲਾ ਦੇ 30 ਵਾਰਡਾਂ ਦੀ ਮੁੜ ਚੋਣ ਕਰਵਾਉਣ ਲਈ ਚੋਣ ਸ਼ਡਿਊਲ ਨੋਟੀਫਾਈ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਏਡੀਸੀ (ਦਿਹਾਤੀ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੁਨੀਲ ਨੇ ਦੱਸਿਆ ਕਿ ਨਾਮਜ਼ਦਗੀਆਂ ਭਰਨ ਲਈ ਰਿਟਰਨਿੰਗ ਅਫ਼ਸਰ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 1, 4, 6, 12, 14, 15, 16, 22, 26, 29, 32, 33, 34, 36 ਅਤੇ 37 ਲਈ ਏਐਮਡੀ, ਪੀਆਰਟੀਸੀ ਇੰਦਰਪਾਲ ਸਿੰਘ ਨੂੰ ਰਿਟਰਨਿੰਗ ਅਫ਼ਸਰ ਅਤੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਹਰਪ੍ਰੀਤ ਸਿੰਘ ਕਟਾਰੀਆ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਹ ਅਧਿਕਾਰੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਨਾਭਾ ਰੋਡ ਸਥਿਤ ਪੀਆਰਟੀਸੀ ਦੇ ਮੁੱਖ ਦਫ਼ਤਰ ਦੇ ਕਾਨਫਰੰਸ ਹਾਲ ਵਿਖੇ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ ਵਾਰਡ ਨੰਬਰ 38, 40, 41, 43, 44, 45, 46, 48, 50, 51, 52, 53, 55, 57 ਅਤੇ 58 ਲਈ ਡਿਪਟੀ ਕਮਿਸ਼ਨਰ ਆਬਕਾਰੀ (ਡਿਸਟਿਲਰੀ) ਖੁਸ਼ਦਿਲ ਸਿੰਘ ਨੂੰ ਰਿਟਰਨਿੰਗ ਅਫ਼ਸਰ ਅਤੇ ਲੋਕ ਨਿਰਮਾਣ ਵਿਭਾਗ (ਨੈਸ਼ਨਲ ਹਾਈਵੇ) ਦੇ ਕਾਰਜਕਾਰੀ ਇੰਜੀਨੀਅਰ ਵਨੀਤ ਸਿੰਗਲਾ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਫ਼ਤਰ ਉਪ ਕਮਿਸ਼ਨਰ ਆਬਕਾਰੀ, ਪਟਿਆਲਾ ਜ਼ੋਨ, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰੀਸ਼ਦ ਬਿਲਡਿੰਗ, ਪਟਿਆਲਾ ਵਿਖੇ ਪ੍ਰਾਪਤ ਕੀਤੇ ਜਾਣਗੇ।
ਏਡੀਸੀ ਸੁਨੀਲ ਨੇ ਦੱਸਿਆ ਕਿ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਪਹਿਲਾ ਦਿਨ ਸ਼ੁੱਕਰਵਾਰ, 13 ਨਵੰਬਰ 2026 (ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ) ਹੋਵੇਗਾ। ਛੁੱਟੀਆਂ ਵਾਲੇ ਦਿਨ ਨਾਮਜ਼ਦਗੀ ਪੱਤਰ ਪ੍ਰਾਪਤ ਨਹੀਂ ਕੀਤੇ ਜਾਣਗੇ। ਇਨ੍ਹਾਂ ਵਿੱਚ ਸ਼ਨੀਵਾਰ, 14 ਨਵੰਬਰ 2026 (ਬੈਂਕ ਛੁੱਟੀ), ਐਤਵਾਰ, 15 ਨਵੰਬਰ 2026 ਅਤੇ ਸੋਮਵਾਰ, 16 ਨਵੰਬਰ 2026 (ਗਜ਼ਟਿਡ ਛੁੱਟੀ) ਸ਼ਾਮਲ ਹਨ। ਨਾਮਜ਼ਦਗੀਆਂ ਦਾਖ਼ਲ ਕਰਨ ਦਾ ਦੂਜਾ ਦਿਨ ਮੰਗਲਵਾਰ, 17 ਨਵੰਬਰ (ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ) ਅਤੇ ਤੀਜਾ ਦਿਨ ਬੁੱਧਵਾਰ, 18 ਨਵੰਬਰ (ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ) ਹੋਵੇਗਾ। ਨਾਮਜ਼ਦਗੀਆਂ ਦਾਖ਼ਲ ਕਰਨ ਦਾ ਆਖ਼ਰੀ ਦਿਨ ਵੀਰਵਾਰ, 19 ਨਵੰਬਰ (ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ) ਹੋਵੇਗਾ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਸ਼ੁੱਕਰਵਾਰ, 20 ਨਵੰਬਰ ਨੂੰ (ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ) ਹੋਵੇਗੀ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿਤੀ ਸ਼ਨੀਵਾਰ, 21 ਨਵੰਬਰ (ਦੁਪਹਿਰ 3:00 ਵਜੇ ਤੱਕ) ਅਤੇ ਵੋਟਾਂ ਪੈਣ ਦੀ ਮਿਤੀ ਸ਼ਨੀਵਾਰ, 28 ਨਵੰਬਰ (ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ) ਹੋਵੇਗੀ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਸਬੰਧੀ ਰਾਜ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਬਾਅਦ ਵਿੱਚ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਰੇ ਨਾਮਜ਼ਦਗੀ ਫਾਰਮਾਂ ਦੇ ਨਾਲ ਨਿਰਧਾਰਤ ਹਲਫ਼ੀਆ ਬਿਆਨ ਦੇਣਾ ਲਾਜ਼ਮੀ ਹੋਵੇਗਾ। ਜੇਕਰ ਕੋਈ ਉਮੀਦਵਾਰ ਕਿਸੇ ਸਿਆਸੀ ਪਾਰਟੀ ਵੱਲੋਂ ਚੋਣ ਲੜ ਰਿਹਾ ਹੈ, ਤਾਂ ਸਬੰਧਤ ਸਿਆਸੀ ਪਾਰਟੀ ਦਾ ਅਧਿਕਾਰ ਪੱਤਰ ਵੀ ਨਾਲ ਨੱਥੀ ਕਰਨਾ ਹੋਵੇਗਾ। ਉਮੀਦਵਾਰਾਂ ਦੇ ਕੇ.ਵਾਈ.ਸੀ. ਵੇਰਵੇ ਜ਼ਿਲ੍ਹਿਆਂ ਦੀਆਂ ਵੈੱਬਸਾਈਟਾਂ ’ਤੇ ਅਪਲੋਡ ਕੀਤੇ ਜਾਣਗੇ। ਇਹ ਚੋਣਾਂ ਈ.ਵੀ.ਐਮਜ਼ ਰਾਹੀਂ ਕਰਵਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਲਈ ਨਗਰ ਨਿਗਮ ਪਟਿਆਲਾ ਦੇ 30 ਵਾਰਡਾਂ ਵਿੱਚ 123 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਕਮਿਸ਼ਨ ਵੱਲੋਂ ਨਗਰ ਨਿਗਮ ਦੇ ਅਹੁਦੇ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਵਾਸਤੇ ਖਰਚੇ ਦੀ ਹੱਦ 4,00,000 ਰੁਪਏ ਅਤੇ ਨਗਰ ਕੌਂਸਲਾਂ (ਕਲਾਸ-II) ਲਈ 2,30,000 ਰੁਪਏ ਨੋਟੀਫਾਈ ਕੀਤੀ ਗਈ ਹੈ। ਏਡੀਸੀ (ਦਿਹਾਤੀ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸੁਨੀਲ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਚੋਣ ਸ਼ਡਿਊਲ ਦੇ ਐਲਾਨ ਦੇ ਨਾਲ ਹੀ ਸਬੰਧਤ ਨਗਰ ਨਿਗਮ ਦੇ ਸਮੁੱਚੇ ਅਧਿਕਾਰ ਖੇਤਰ ਵਿੱਚ, ਜਿੱਥੇ ਚੋਣਾਂ ਹੋਣ ਜਾ ਰਹੀਆਂ ਹਨ, ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਇਹ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹੇਗਾ।
