ਚੰਡੀਗੜ੍ਹ, 17 ਨਵੰਬਰ 2026 (ਹਰਮਿੰਦਰ ਸਿੰਘ ਨਾਗਪਾਲ):- ਚੰਡੀਗੜ੍ਹ ਸਕਿੱਲ ਡਿਵੈਲਪਮੈਂਟ ਮਿਸ਼ਨ (ਸੀਐੱਸਡੀਐੱਮ), ਤਕਨੀਕੀ ਸਿੱਖਿਆ ਡਾਇਰੈਕਟੋਰੇਟ, ਚੰਡੀਗੜ੍ਹ ਪ੍ਰਸ਼ਾਸਨ ਅਤੇ ਪੀਯੂ-ਆਈਆਈਟੀ ਰੋਪੜ ਰੀਜਨਲ ਐਕਸਲੇਰੇਟਰ ਫਾਰ ਹੋਲਿਸਟਿਕ ਇਨੋਵੇਸ਼ਨਜ਼ ਫਾਊਂਡੇਸ਼ਨ (ਪੀਆਈ-ਰਾਹੀ) ਨੇ ਅੱਜ ਚੰਡੀਗੜ੍ਹ ਵਿੱਚ ਹੁਨਰ ਵਿਕਾਸ, ਸਮਰੱਥਾ ਨਿਰਮਾਣ, ਉੱਦਮਤਾ ਅਤੇ ਨਵੀਨਤਾ ਨੂੰ ਮਜ਼ਬੂਤ ਕਰਨ ਲਈ ਇੱਕ ਸਮਝੌਤਾ ਪੱਤਰ (ਐੱਮਓਯੂ) ’ਤੇ ਦਸਤਖ਼ਤ ਕੀਤੇ।
ਇਸ ਸਮਝੌਤਾ ਪੱਤਰ ’ਤੇ ਤਕਨੀਕੀ ਸਿੱਖਿਆ ਦੀ ਡਾਇਰੈਕਟਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਐੱਸਡੀਐੱਮ ਦੀ ਮਿਸ਼ਨ ਡਾਇਰੈਕਟਰ ਡਾ. ਪਾਲਿਕਾ ਅਰੋੜਾ, ਪੀਸੀਐੱਸ ਅਤੇ ਪੀਆਈ-ਰਾਹੀ ਦੇ ਡਾਇਰੈਕਟਰ ਪ੍ਰੋਫੈਸਰ (ਡਾ.) ਰਜਤ ਸੰਧੀਰ ਨੇ ਦਸਤਖ਼ਤ ਕੀਤੇ।
ਦੋਵੇਂ ਸੰਸਥਾਵਾਂ ਪਹਿਲਾਂ ਹੀ ਚੰਡੀਗੜ੍ਹ ਲਈ ‘ਕੇਅਰਗਿਵਰ ਇਨੀਸ਼ੀਏਟਿਵ’ ਤਹਿਤ ਸਹਿਯੋਗ ਕਰ ਰਹੀਆਂ ਹਨ। ਇਸ ਵਿੱਚ ਡਾਇਬਟੀਜ਼ ਕੇਅਰ ਅਸਿਸਟੈਂਟਸ ਅਤੇ ਬਜ਼ੁਰਗਾਂ ਦੀ ਦੇਖਭਾਲ ਲਈ ਹੁਨਰ ਵਿਕਾਸ ਸਿਖਲਾਈ ਸ਼ਾਮਲ ਹੈ। ਇਹ ਸਮਝੌਤਾ ਉਦਯੋਗ ਦੀਆਂ ਲੋੜਾਂ ਅਨੁਸਾਰ ਹੁਨਰ ਸਿਖਲਾਈ, ਹੁਨਰ ਉੱਨਤੀ ਅਤੇ ਮੁੜ-ਹੁਨਰ ਵਿਕਾਸ ਪ੍ਰੋਗਰਾਮਾਂ, ਟ੍ਰੇਨਰਾਂ ਦੀ ਸਿਖਲਾਈ (ਟੀਓਟੀ), ਅਪ੍ਰੈਂਟਿਸਸ਼ਿਪ ਅਤੇ ਉਦਯੋਗਿਕ ਕੰਮਕਾਜ ਦਾ ਵਿਹਾਰਕ ਤਜਰਬਾ ਪ੍ਰਦਾਨ ਕਰਕੇ ਇਸ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰੇਗਾ।
ਇਸ ਸਹਿਯੋਗ ਤਹਿਤ ਗ੍ਰੀਨ ਹਾਈਡ੍ਰੋਜਨ, ਆਰਟੀਫਿਸ਼ਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਡੇਟਾ ਸਾਇੰਸ, ਸਾਈਬਰ ਸੁਰੱਖਿਆ, ਰੋਬੋਟਿਕਸ, ਡਰੋਨ ਤਕਨਾਲੋਜੀ, ਇੰਟਰਨੈੱਟ ਆਫ਼ ਥਿੰਗਜ਼ (ਆਈਓਟੀ), ਸੈਮੀਕੰਡਕਟਰ ਤਕਨਾਲੋਜੀ, ਇਲੈਕਟ੍ਰਿਕ ਵਾਹਨਾਂ ਅਤੇ ਇੰਡਸਟਰੀ 4.0 ਵਰਗੇ ਖੇਤਰਾਂ ਵਿੱਚ ਭਵਿੱਖ ਦੀਆਂ ਲੋੜਾਂ ਅਨੁਸਾਰ ਹੁਨਰ ਵਿਕਸਿਤ ਕਰਨ ਦੀ ਵੀ ਯੋਜਨਾ ਹੈ।
ਮਹਿਲਾ ਉੱਦਮਤਾ ਅਤੇ ਸਮਾਵੇਸ਼ੀ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਖ਼ਾਸ ਕਰਕੇ ਵਾਂਝੇ ਭਾਈਚਾਰਿਆਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ। ਦੋਵੇਂ ਸੰਸਥਾਵਾਂ ਨਵੀਨਤਾਕਾਰੀ ਪ੍ਰੋਜੈਕਟਾਂ ਅਤੇ ਟਿਕਾਊ ਰੋਜ਼ੀ-ਰੋਟੀ ਦੇ ਮੌਕਿਆਂ ਨੂੰ ਸਹਿਯੋਗ ਦੇਣ ਲਈ ਕੌਮੀ ਅਤੇ ਕੌਮਾਂਤਰੀ ਸਹਿਯੋਗ, ਉਦਯੋਗਾਂ ਨਾਲ ਸਾਂਝੇਦਾਰੀ, ਸਰਕਾਰੀ ਯੋਜਨਾਵਾਂ, ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਪਹਿਲਕਦਮੀਆਂ ਅਤੇ ਹੋਰ ਏਜੰਸੀਆਂ ਰਾਹੀਂ ਵਿੱਤੀ ਸਹਾਇਤਾ ਦੀਆਂ ਸੰਭਾਵਨਾਵਾਂ ਵੀ ਤਲਾਸ਼ਣਗੀਆਂ।
ਇਸ ਸਾਂਝੇਦਾਰੀ ਦਾ ਉਦੇਸ਼ ਸਿੱਖਿਆ ਜਗਤ, ਉਦਯੋਗ, ਸਰਕਾਰ ਅਤੇ ਨਵੀਨਤਾ ਪ੍ਰਣਾਲੀ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਦਿਆਂ ਇੱਕ ਹੁਨਰਮੰਦ, ਉੱਦਮੀ, ਸਮਾਵੇਸ਼ੀ ਅਤੇ ਭਵਿੱਖ ਲਈ ਤਿਆਰ ਚੰਡੀਗੜ੍ਹ ਦੇ ਨਿਰਮਾਣ ਵਿੱਚ ਯੋਗਦਾਨ ਪਾਉਣਾ ਹੈ।
