ਪਟਿਆਲਾ, 14 ਨਵੰਬਰ (ਪਰਮਜੀਤ ਸਿੰਘ ਪਰਵਾਨਾ):- ਆਖ਼ਿਰਕਾਰ ਡਕਾਲਾ ਰੋਡ 'ਤੇ ਪੈਂਦੇ ਪਿੰਡ ਦੁੱਧੜ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਸੰਘਰਸ਼ ਰੰਗ ਲਿਆਇਆ ਹੈ ਅਤੇ ਉਨ੍ਹਾਂ ਦੇ ਅੰਦੋਲਨ ਦੀ ਜਿੱਤ ਹੋਈ ਹੈ। ਪਿੰਡ ਦੁੱਧੜ ਦੀ ਪੰਚਾਇਤ ਵੱਲੋਂ ਦਿੱਤੀ ਗਈ 20 ਏਕੜ ਪੰਚਾਇਤੀ ਜ਼ਮੀਨ ਸਬੰਧੀ ਮਤਾ ਰੱਦ ਹੋਣ ਤੋਂ ਬਾਅਦ ਹੁਣ ਇਹ ਜ਼ਮੀਨ ਪਿੰਡ ਦੀ ਪੰਚਾਇਤ ਕੋਲ ਹੀ ਰਹੇਗੀ।

ਇਸ ਸਬੰਧੀ ਪਿੰਡ ਦੇ ਸਰਪੰਚ ਜੱਸੀ, ਡੰਪ ਵਿਰੋਧੀ ਕਮੇਟੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਕਰਮ ਡਕਾਲਾ ਅਤੇ ਹੋਰ ਵਿਅਕਤੀਆਂ ਦੀ ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨਾਲ ਹੋਈ ਮੀਟਿੰਗ ਦੌਰਾਨ ਦੋਵੇਂ ਧਿਰਾਂ ਲੀਜ਼ ਖ਼ਤਮ ਕਰਨ ਲਈ ਸਹਿਮਤ ਹੋ ਗਈਆਂ। ਇਸ ਨਾਲ ਪਿੰਡ ਦੁੱਧੜ ਵਿੱਚ ਲੱਗਣ ਵਾਲੇ ਪ੍ਰਸਤਾਵਿਤ ਕੂੜੇ ਦੇ ਡੰਪ ਦਾ ਵਿਵਾਦ ਖ਼ਤਮ ਹੋ ਗਿਆ ਹੈ।

ਕੂੜਾ ਡੰਪ ਵਿਰੋਧੀ ਕਮੇਟੀ ਦੇ ਆਗੂ ਵਿਕਰਮ ਡਕਾਲਾ ਨੇ ਦੱਸਿਆ ਕਿ ਪਿੰਡ ਦੁੱਧੜ ਦੀ ਪੰਚਾਇਤ ਵੱਲੋਂ ਨਗਰ ਨਿਗਮ ਨੂੰ ਲੀਜ਼ 'ਤੇ ਦਿੱਤੀ ਗਈ 20 ਏਕੜ ਪੰਚਾਇਤੀ ਜ਼ਮੀਨ ਦੀ ਲੀਜ਼ ਰੱਦ ਕਰ ਦਿੱਤੀ ਗਈ ਹੈ ਅਤੇ ਜ਼ਮੀਨ ਮੁੜ ਪੰਚਾਇਤ ਕੋਲ ਚਲੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸੰਘਰਸ਼ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੜਿਆ ਗਿਆ, ਜਿਸ ਵਿੱਚ ਮੰਡੀ ਬੋਰਡ ਦੇ ਚੇਅਰਮੈਨ ਤੋਂ ਇਲਾਵਾ ਸਰਕਾਰ ਪੱਖ ਦੇ ਹੋਰ ਆਗੂਆਂ ਨੇ ਵੀ ਅਹਿਮ ਭੂਮਿਕਾ ਨਿਭਾਈ।

ਇਸ ਸੰਘਰਸ਼ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਡੰਪ ਵਿਰੋਧੀ ਕਮੇਟੀ ਦਾ ਸਾਥ ਦਿੱਤਾ, ਜਿਸ ਕਾਰਨ ਇਹ ਮੁਹਿੰਮ ਸਫ਼ਲ ਹੋ ਸਕੀ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਕੂੜੇ ਦਾ ਡੰਪ ਲਗਾਉਣ ਦੇ ਫ਼ੈਸਲੇ ਕਾਰਨ ਕਈ ਪਿੰਡਾਂ ਦੇ ਲੋਕ ਕਾਫ਼ੀ ਚਿੰਤਾ ਵਿੱਚ ਸਨ, ਪਰ ਹੁਣ ਇਸ ਫ਼ੈਸਲੇ ਨਾਲ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਵਿਕਰਮ ਡਕਾਲਾ ਨੇ ਕਿਹਾ ਕਿ ਇਸ ਸੰਘਰਸ਼ ਵਿੱਚ ਸਾਥ ਦੇਣ ਵਾਲੀਆਂ ਸਿਆਸੀ ਪਾਰਟੀਆਂ, ਸਮਾਜਿਕ ਸੰਗਠਨਾਂ, ਕਿਸਾਨ ਜਥੇਬੰਦੀਆਂ ਅਤੇ ਸਾਰੇ ਆਗੂਆਂ ਦੇ ਇਲਾਕਾ ਨਿਵਾਸੀ ਧੰਨਵਾਦੀ ਹਨ। ਉਨ੍ਹਾਂ ਲੋਕਾਂ ਦੇ ਹਿੱਤ ਵਿੱਚ ਫ਼ੈਸਲਾ ਲੈਣ ਲਈ ਸਰਕਾਰ ਅਤੇ ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।

ਇੱਥੇ ਇਹ ਵਰਨਣਯੋਗ ਹੈ ਕਿ ਲਗਭਗ 10 ਸਾਲ ਪਹਿਲਾਂ ਪਿੰਡ ਦੁੱਧੜ ਦੀ ਪੰਚਾਇਤ ਨੇ ਕੂੜੇ ਦਾ ਡੰਪ ਲਗਾਉਣ ਲਈ ਨਗਰ ਨਿਗਮ ਪਟਿਆਲਾ ਨੂੰ 20 ਏਕੜ ਜ਼ਮੀਨ ਲੀਜ਼ 'ਤੇ ਦਿੱਤੀ ਸੀ ਅਤੇ ਸਰਕਾਰ ਵੱਲੋਂ ਲਗਭਗ 100 ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਸੀ। ਇਸ ਤਹਿਤ ਕਈ ਜ਼ਿਲ੍ਹਿਆਂ ਦਾ ਕੂੜਾ ਇੱਥੇ ਇਕੱਠਾ ਕਰਕੇ ਉਸ ਦੀ ਸੋਧ ਕੀਤੀ ਜਾਣੀ ਸੀ।

ਲੋਕ ਇਸ ਪ੍ਰਾਜੈਕਟ ਦਾ ਲਗਾਤਾਰ ਵਿਰੋਧ ਕਰ ਰਹੇ ਸਨ। ਇਸੇ ਵਿਰੋਧ ਦੇ ਚਲਦਿਆਂ ਡੰਪ ਵਿਰੋਧੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਇਸ ਅੰਦੋਲਨ ਦੀ ਅਗਵਾਈ ਕਰਦਿਆਂ ਸਫ਼ਲਤਾ ਹਾਸਲ ਕੀਤੀ।