ਸੰਗਰੂਰ, 13 ਨਵੰਬਰ:- ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਸੰਗਰੂਰ ਬਲਵਿੰਦਰ ਕੌਰ ਸੋਹੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਕਰੀਬ 15 ਹਜ਼ਾਰ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਦੀ ਈ-ਕੇਵਾਈਸੀ ਕਰਨ ਅਤੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਲਈ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ, ਸੰਗਰੂਰ ਵਿਖੇ 19, 20 ਅਤੇ 21 ਨਵੰਬਰ ਨੂੰ ਪੈਨਸ਼ਨਰ ਸੇਵਾ ਮੇਲਾ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸੇਵਾ ਤੋਂ ਸੇਵਾ ਮੁਕਤ ਹੋਏ ਮੁਲਾਜ਼ਮਾਂ ਲਈ ਪੈਨਸ਼ਨ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ‘ਪੈਨਸ਼ਨਰ ਸੇਵਾ ਪੋਰਟਲ’ ਚਲਾਇਆ ਜਾ ਰਿਹਾ ਹੈ। ਇਸ ਸੇਵਾ ਦਾ ਪੂਰਾ ਲਾਭ ਲੈਣ ਲਈ ਪੈਨਸ਼ਨਰ ਦੀ ਈ-ਕੇਵਾਈਸੀ ਹੋਈ ਹੋਣੀ ਜ਼ਰੂਰੀ ਹੈ। ਇਸ ਲਈ ਵਿਸ਼ੇਸ਼ ਕੈਂਪ ਲਗਾ ਕੇ ਪੈਨਸ਼ਨਰਾਂ ਦੀ ਈ-ਕੇਵਾਈਸੀ ਕੀਤੀ ਜਾ ਰਹੀ ਹੈ, ਤਾਂ ਜੋ ਉਹ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਲਈ ਸ਼ੁਰੂ ਕੀਤੀ ਗਈ ਸੇਵਾ ਦਾ ਪੂਰਾ ਲਾਭ ਉਠਾ ਸਕਣ।
ਬਲਵਿੰਦਰ ਕੌਰ ਸੋਹੀ ਨੇ ਦੱਸਿਆ ਕਿ ਪੈਨਸ਼ਨਰ ਆਪਣੇ ਨਾਲ ਪੀ.ਪੀ.ਓ. ਦੀ ਕਾਪੀ, ਆਧਾਰ ਕਾਰਡ, ਬੈਂਕ ਪਾਸ ਬੁੱਕ ਅਤੇ ਉਹ ਫ਼ੋਨ ਜਿਸ ਉੱਤੇ ਆਧਾਰ ਕਾਰਡ ਦਾ ਓ.ਟੀ.ਪੀ. ਆਉਂਦਾ ਹੈ, ਨਾਲ ਲੈ ਕੇ ਆਉਣ। ਉਨ੍ਹਾਂ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ 19 ਤੋਂ 21 ਨਵੰਬਰ ਤੱਕ ਲੱਗਣ ਵਾਲੇ ਪੈਨਸ਼ਨਰ ਸੇਵਾ ਮੇਲੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।
