ਅੰਬਾਲਾ, 13 ਨਵੰਬਰ (ਆਰ. ਸਿੰਘ):- ਤਿਉਹਾਰਾਂ ਦੇ ਮੌਸਮ ਅਤੇ ਛੁੱਟੀਆਂ ਦੌਰਾਨ ਰੇਲਗੱਡੀਆਂ ਵਿੱਚ ਯਾਤਰੀਆਂ ਦੀ ਭਾਰੀ ਭੀੜ ਦੇ ਵਿਚਕਾਰ ਰੇਲਵੇ ਦੇ ਪ੍ਰਬੰਧਾਂ ’ਤੇ ਸਵਾਲ ਉੱਠ ਰਹੇ ਹਨ। ਕੁਝ ਰੂਟਾਂ ’ਤੇ ਭੀੜ ਘਟਾਉਣ ਦੇ ਦਾਅਵਿਆਂ ਦੇ ਬਾਵਜੂਦ ਜਨਸੇਵਾ ਐਕਸਪ੍ਰੈੱਸ ਵਰਗੀਆਂ ਰੇਲਗੱਡੀਆਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਰਾਖਵੇਂ ਡੱਬਿਆਂ ਵਿੱਚ ਭੀੜ ਅਤੇ ਆਮ ਡੱਬਿਆਂ ਵਿੱਚ ਯਾਤਰੀਆਂ ਦੀ ਵਧੇਰੇ ਗਿਣਤੀ ਨੇ ਸਫ਼ਰ ਨੂੰ ਖ਼ਤਰਨਾਕ ਬਣਾ ਦਿੱਤਾ ਹੈ। ਬਹੁਤ ਸਾਰੇ ਯਾਤਰੀ ਪਖਾਨਿਆਂ ਵਿੱਚ ਖੜ੍ਹੇ ਰਹਿਣ ਲਈ ਮਜਬੂਰ ਹਨ।

ਅੱਜ ਸ਼ੁੱਕਰਵਾਰ ਨੂੰ ਜਿਵੇਂ ਹੀ ਅੰਮ੍ਰਿਤਸਰ–ਪੂਰਨੀਆ ਜਨਸੇਵਾ ਐਕਸਪ੍ਰੈੱਸ (14618) ਅੰਬਾਲਾ ਕੈਂਟ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ’ਤੇ ਪਹੁੰਚੀ ਤਾਂ ਯਾਤਰੀਆਂ ਦੀ ਵੱਡੀ ਭੀੜ ਰੇਲਗੱਡੀ ਵਿੱਚ ਚੜ੍ਹਨ ਲਈ ਦੌੜ ਪਈ। ਸੈਂਕੜੇ ਯਾਤਰੀ ਹਫੜਾ-ਦਫੜੀ ਵਿੱਚ ਫਸ ਗਏ। ਰੇਲਵੇ ਦੀ ਲਾਪਰਵਾਹੀ ਕਾਰਨ ਚੇਅਰ ਕਾਰ ਵਾਲੇ ਡੱਬਿਆਂ ਨੂੰ ਜਨਰਲ ਡੱਬਿਆਂ ਨਾਲ ਬਦਲ ਦਿੱਤਾ ਗਿਆ, ਜਿਸ ਕਾਰਨ ਜਗ੍ਹਾ ਦੀ ਕਾਫ਼ੀ ਘਾਟ ਹੋ ਗਈ। ਡੱਬਿਆਂ ਦੇ ਬਹੁਤ ਘੱਟ ਦਰਵਾਜ਼ੇ ਖੁੱਲ੍ਹੇ ਹੋਏ ਸਨ। ਨਤੀਜੇ ਵਜੋਂ ਬਹੁਤ ਸਾਰੇ ਯਾਤਰੀ ਖਿੜਕੀਆਂ ਅਤੇ ਪਖਾਨਿਆਂ ਰਾਹੀਂ ਡੱਬਿਆਂ ਵਿੱਚ ਦਾਖ਼ਲ ਹੁੰਦੇ ਵੇਖੇ ਗਏ। ਕੁਝ ਯਾਤਰੀਆਂ ਨੇ ਬੰਦ ਦਰਵਾਜ਼ਿਆਂ ’ਤੇ ਹੱਥ ਮਾਰ ਕੇ ਉਨ੍ਹਾਂ ਨੂੰ ਖੋਲ੍ਹਣ ਦੀ ਬੇਨਤੀ ਕੀਤੀ, ਪਰ ਅੰਦਰ ਬੈਠੇ ਯਾਤਰੀਆਂ ਨੇ ਆਪਣੀ ਸੁਰੱਖਿਆ ਅਤੇ ਜਗ੍ਹਾ ਦੀ ਘਾਟ ਦੇ ਡਰੋਂ ਦਰਵਾਜ਼ੇ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਰੇਲਗੱਡੀ ਵਿੱਚ ਸਵਾਰ ਹੋਏ ਇੱਕ ਯਾਤਰੀ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਕਾਰਨ ਹੇਠਾਂ ਉੱਤਰਨ ਲਈ ਮਜਬੂਰ ਹੋਣਾ ਪਿਆ। ਜਿਵੇਂ ਹੀ ਰੇਲਗੱਡੀ ਰਵਾਨਾ ਹੋਈ, ਕਈ ਪ੍ਰਵਾਸੀ ਯਾਤਰੀ ਦਰਵਾਜ਼ਿਆਂ ਅਤੇ ਫੁੱਟਬੋਰਡਾਂ ’ਤੇ ਲਟਕਦੇ ਵੇਖੇ ਗਏ। ਪਲੇਟਫਾਰਮ ’ਤੇ ਤਾਇਨਾਤ ਆਰ.ਪੀ.ਐੱਫ. ਅਤੇ ਜੀ.ਆਰ.ਪੀ. ਕਰਮਚਾਰੀਆਂ ਨੇ ਯਾਤਰੀਆਂ ਨੂੰ ਕ੍ਰਮਬੱਧ ਢੰਗ ਨਾਲ ਰੇਲਗੱਡੀ ਵਿੱਚ ਚੜ੍ਹਾਉਣ ਅਤੇ ਬੰਦ ਦਰਵਾਜ਼ੇ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ, ਪਰ ਭਾਰੀ ਭੀੜ ਅਤੇ ਅੰਦਰ ਮੌਜੂਦ ਯਾਤਰੀਆਂ ਦੇ ਵਿਰੋਧ ਕਾਰਨ ਸੁਰੱਖਿਆ ਕਰਮਚਾਰੀਆਂ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਆਰ.ਪੀ.ਐੱਫ. ਇੰਚਾਰਜ ਰਵਿੰਦਰ ਸਿੰਘ ਨੇ ਦੱਸਿਆ ਕਿ ਵਾਧੂ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਯਾਤਰੀਆਂ ਨੂੰ ਜੋਖ਼ਮ ਭਰੇ ਸਫ਼ਰ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ।