ਨਵਾਂਸ਼ਹਿਰ (ਦੇਸ ਰਾਜ ਬਾਲੀ):- ਨਵਾਂਸ਼ਹਿਰ ਦੇ ਨੇੜਲੇ ਪਿੰਡ ਸ਼ਹਾਬਪੁਰ ਵਿਖੇ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ 34ਵੀਂ ਬਰਸੀ ਮੌਕੇ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਯਾਦਗਾਰੀ ਕਮੇਟੀ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਉਨ੍ਹਾਂ ਦੀ ਯਾਦਗਾਰ ’ਤੇ ਬੱਚਿਆਂ ਦੇ ਚਿੱਤਰਕਲਾ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਇਸ ਵਾਰ ਇਹ ਮੁਕਾਬਲੇ ਬਾਬਾ ਚੂਹੜ ਸਿੰਘ ਬਜੋਂ ਨੂੰ ਸਮਰਪਿਤ ਸਨ। ਇਨ੍ਹਾਂ ਵਿੱਚ 21 ਸਕੂਲਾਂ ਦੇ 242 ਬੱਚਿਆਂ ਨੇ ਭਾਗ ਲਿਆ।
ਚਿੱਤਰਕਲਾ ਮੁਕਾਬਲੇ ਦੇ ਪਹਿਲੇ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰੋਆ ਦੇ ਨਵਜੋਤ ਪਾਲ ਨੇ ਪਹਿਲਾ ਸਥਾਨ ਹਾਸਲ ਕੀਤਾ। ਡੀ.ਏ.ਐੱਨ. ਕਾਲਜ ਆਫ਼ ਐਜੂਕੇਸ਼ਨ, ਨਵਾਂਸ਼ਹਿਰ ਦੀ ਅਮਨਜੋਤ ਕੌਰ ਦੂਜੇ ਅਤੇ ਇਸੇ ਕਾਲਜ ਦੀ ਜਯਾ ਚੋਪੜਾ ਤੀਜੇ ਸਥਾਨ ’ਤੇ ਰਹੀ। ਸਿਮਰਨਜੀਤ ਕੌਰ ਨੇ ਚੌਥਾ ਸਥਾਨ ਹਾਸਲ ਕੀਤਾ।
ਦੂਜੇ ਵਰਗ ਵਿੱਚ ਆਰ.ਐੱਮ.ਬੀ. ਡੇਅ ਪਬਲਿਕ ਸਕੂਲ ਦੇ ਏਕਮ ਸਿੱਧੂ ਨੇ ਪਹਿਲਾ ਸਥਾਨ ਹਾਸਲ ਕੀਤਾ। ਓਰੀਐਂਟਲ ਪਬਲਿਕ ਸਕੂਲ, ਸਮੁੰਦੜ੍ਹਾ ਦੇ ਜਸਪ੍ਰੀਤ ਨੇ ਦੂਜਾ, ਪਬਲਿਕ ਸਕੂਲ, ਜਾਡਲਾ ਦੇ ਸਾਹਿਬਜੋਤ ਸਿੰਘ ਨੇ ਤੀਜਾ ਅਤੇ ਡੀ.ਏ.ਵੀ. ਸਕੂਲ, ਨਵਾਂਸ਼ਹਿਰ ਦੇ ਨਿਤੀਸ਼ ਨੇ ਚੌਥਾ ਸਥਾਨ ਹਾਸਲ ਕੀਤਾ।
ਤੀਜੇ ਵਰਗ ਵਿੱਚ ਸਕਾਲਰਜ਼ ਪਬਲਿਕ ਸਕੂਲ, ਜਾਡਲਾ ਦੀ ਮਾਨਿਆ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ। ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਨਵਾਂਸ਼ਹਿਰ ਦੀ ਕੈਰੀ ਗਿੰਡੇ ਦੂਜੇ, ਹਰਸ਼ਿਤਾ ਕੁਮਾਰੀ ਤੀਜੇ ਅਤੇ ਸਰਕਾਰੀ ਮਿਡਲ ਸਮਾਰਟ ਸਕੂਲ, ਬੈਰਸੀਆਂ ਦੇ ਸ਼ਰਨਜੀਤ ਕੁਮਾਰ ਚੌਥੇ ਸਥਾਨ ’ਤੇ ਰਹੇ।
ਚੌਥੇ ਵਰਗ ਵਿੱਚ ਨਮਨਜੀਤ ਨੇ ਪਹਿਲਾ ਸਥਾਨ ਹਾਸਲ ਕੀਤਾ। ਸਰਕਾਰੀ ਪ੍ਰਾਇਮਰੀ ਸਮਾਰਟ ਮਿਡਲ ਸਕੂਲ, ਬੈਰਸੀਆਂ ਦੇ ਜਸ਼ਨਦੀਪ ਨੇ ਦੂਜਾ, ਸਰਕਾਰੀ ਪ੍ਰਾਇਮਰੀ ਸਕੂਲ, ਸ਼ਹਾਬਪੁਰ ਦੇ ਜੋਬਨ ਨੇ ਤੀਜਾ ਅਤੇ ਪੀ.ਐੱਸ. ਪਬਲਿਕ ਸਕੂਲ ਦੇ ਰਵਨੀਤ ਕੁਮਾਰ ਨੇ ਚੌਥਾ ਸਥਾਨ ਹਾਸਲ ਕੀਤਾ।
ਸੁੰਦਰ ਲਿਖਾਈ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲਿਆਂ ਵਿੱਚ ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਨਵਾਂਸ਼ਹਿਰ ਦੀ ਭਾਵਨਾ, ਪੀ.ਐੱਸ. ਪਬਲਿਕ ਸਕੂਲ ਦੀ ਸਿਮਰਨ, ਸਕਾਲਰਜ਼ ਪਬਲਿਕ ਸਕੂਲ, ਜਾਡਲਾ ਦੀ ਅਰਸ਼ਪ੍ਰੀਤ ਕੌਰ, ਯੂਨੀਵਰਸਲ ਪਬਲਿਕ ਸਕੂਲ, ਕੁੱਲੇਵਾਲ ਦੀ ਨਮਨੀਤ, ਡੀ.ਏ.ਵੀ. ਸਕੂਲ ਦੀ ਸੁਖਮਨਪ੍ਰੀਤ ਕੌਰ ਅਤੇ ਸਕਾਲਰਜ਼ ਪਬਲਿਕ ਸਕੂਲ, ਜਾਡਲਾ ਦੇ ਪ੍ਰਭਜੋਤ ਨੇ ਮੱਲਾਂ ਮਾਰੀਆਂ।
ਇਸ ਮੌਕੇ ਬੱਚਿਆਂ ਦੇ ‘ਕਾਲੇ ਪਾਣੀ’ ਵਿਸ਼ੇ ’ਤੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ। ਬਲਵੀਰ ਕੁਮਾਰ ਨੇ ਕੁਇਜ਼ ਮਾਸਟਰ ਦੀ ਭੂਮਿਕਾ ਨਿਭਾਈ। ਮੁਕਾਬਲਿਆਂ ਦੇ ਜੱਜਾਂ ਦੀ ਭੂਮਿਕਾ ਮਾਸਟਰ ਸ਼ਾਦੀ ਰਾਮ, ਸ਼੍ਰੀਮਤੀ ਮੋਹਨ ਕੌਰ ਅਤੇ ਬਗੀਚਾ ਸਿੰਘ ਸਹੂੰਗੜਾ ਨੇ ਨਿਭਾਈ।
ਜੇਤੂ ਬੱਚਿਆਂ ਨੂੰ ਐਡਵੋਕੇਟ ਦਲਜੀਤ ਸਿੰਘ, ਬਲਬੀਰ ਸਿੰਘ ਸੰਘਾ, ਜਸਬੀਰ ਦੀਪ, ਬਲਬੀਰ ਕੌਰ ਸੰਘਾ, ਬਲਵੀਰ ਕੁਮਾਰ, ਹਰਿੰਦਰ ਸਿੰਘ ਅਟਵਾਲ ਅਤੇ ਮਾਸਟਰ ਮੁਲਖ ਰਾਜ ਨੇ ਇਨਾਮ ਵੰਡੇ।
ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਭੁਪਿੰਦਰ ਸਿੰਘ ਵੜੈਚ, ਚੰਦਰਸ਼ੇਖਰ, ਸ਼ੰਕਰ ਦਾਸ ਬੰਗਾ, ਵਿਨਾਇਕ ਲਖਨਪਾਲ, ਨਰਿੰਦਰ ਸਿੰਘ ਉੜਾਪੜ, ਸੁਰਜੀਤ ਸਿੰਘ ਉੜਾਪੜ ਅਤੇ ਪੀ.ਐੱਸ.ਯੂ. ਆਗੂਆਂ ਬਲਜੀਤ ਸਿੰਘ ਧਰਮਕੋਟ, ਰਾਜੂ ਬਰਨਾਲਾ ਤੇ ਕਿਰਨਜੀਤ ਕੌਰ ਨੇ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਈਆਂ।
