ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਓਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਕਲੱਬ ਯੂਕੇ ਦੇ ਪ੍ਰਧਾਨ ਡਾ. ਜਰਨੈਲ ਸਿੰਘ ਰਾਏ ਅਤੇ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਰਾਏ, ਸਮੂਹ ਮੈਂਬਰਾਂ, ਸਹਿਯੋਗੀਆਂ, ਇਲਾਕਾ ਨਿਵਾਸੀਆਂ ਅਤੇ ਵਿਦੇਸ਼ਾਂ ਵਿੱਚ ਵਸਦੇ ਐਨਆਰਆਈ ਵੀਰਾਂ ਨੂੰ 17 ਤੋਂ 21 ਨਵੰਬਰ ਤੱਕ ਕਰਵਾਏ ਗਏ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਅਤੇ ਅਥਲੈਟਿਕਸ ਮੁਕਾਬਲਿਆਂ ਦੀ ਸਫਲ ਸਮਾਪਤੀ ’ਤੇ ਦਿਲ ਦੀਆਂ ਡੂੰਘਾਈਆਂ ਤੋਂ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ।ਉਨ੍ਹਾਂ ਕਿਹਾ ਕਿ ਇਹ ਸਫਲਤਾ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਸਮੂਹ ਪ੍ਰਬੰਧਕਾਂ ਦੀ ਦਿਨ-ਰਾਤ ਦੀ ਅਣਥੱਕ ਮਿਹਨਤ, ਸਮਰਪਣ, ਆਪਸੀ ਸਹਿਯੋਗ, ਪਿਆਰ ਅਤੇ ਏਕਤਾ ਦਾ ਨਤੀਜਾ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਉਨ੍ਹਾਂ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ, ਮਾਲੀ ਸਹਾਇਤਾ, ਸੇਵਾਵਾਂ ਅਤੇ ਸਹਿਯੋਗ ਦੇ ਕੇ ਇਸ ਖੇਡ ਮੇਲੇ ਨੂੰ ਯਾਦਗਾਰੀ ਬਣਾਇਆ।

ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਭਾਈਚਾਰਕ ਸਾਂਝ, ਅਨੁਸ਼ਾਸਨ ਅਤੇ ਏਕਤਾ ਦਾ ਸੁਨੇਹਾ ਵੀ ਦਿੰਦੇ ਹਨ। ਇਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵੀ ਇੱਕ ਵੱਡਾ ਉਪਰਾਲਾ ਹਨ।

ਧਨਵੰਤ ਸਿੰਘ ਬਾਹੜਾ, ਪ੍ਰੇਮ ਡੋਗਰ, ਗੁਰਜੀਤ ਸਿੰਘ ਗਿੱਲ, ਅਜਮੇਰ ਲੋਚਨ, ਓਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਕਲੱਬ ਯੂਕੇ ਦੇ ਪ੍ਰਧਾਨ ਡਾ. ਜਰਨੈਲ ਸਿੰਘ ਰਾਏ ਅਤੇ ਸਮੂਹ ਕਲੱਬ ਮੈਂਬਰਾਂ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਨੂੰ ਟੂਰਨਾਮੈਂਟ ਦੇ ਸਫਲ ਆਯੋਜਨ ’ਤੇ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਆਉਣ ਵਾਲੇ ਸਮੇਂ ਵਿੱਚ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਗਈ।