ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਮੋਬਾਈਲ ਨੈੱਟਵਰਕ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਡਿਜੀਟਲ ਇੰਡੀਆ ਦੀਆਂ ਗੱਲਾਂ ਤਾਂ ਕੀਤੀਆਂ ਜਾ ਰਹੀਆਂ ਹਨ, ਪਰ ਕੰਪਨੀਆਂ ਪੈਸੇ ਲੈਣ ਦੇ ਬਾਵਜੂਦ ਨੈੱਟਵਰਕ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਸਿੱਧ ਹੋ ਰਹੀਆਂ ਹਨ। ਕੰਢੀ ਇਲਾਕੇ ਦੇ ਪਿੰਡ ਦੇਹਰਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਨੈੱਟਵਰਕ ਦੀ ਸਮੱਸਿਆ ਵੱਲ ਕੰਪਨੀਆਂ ਅਤੇ ਸਰਕਾਰ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੀਮਤ ਸਹੂਲਤਾਂ ਵੀ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ। ਇਸ ਸਬੰਧੀ ‘ਖਪਤਕਾਰ ਡੈਮੋਕ੍ਰੇਟਿਕ ਮੂਵਮੈਂਟ’ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਗੁਰਦਿਆਲ ਸਿੰਘ ਨੇ ਪਿੰਡ ਵਿੱਚ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕੰਢੀ ਇਲਾਕੇ ਦੇ ਕਈ ਪਿੰਡ ਅਜੇ ਵੀ ਨੈੱਟਵਰਕ ਦੀਆਂ ਮਾੜੀਆਂ ਸੇਵਾਵਾਂ ਨਾਲ ਜੂਝ ਰਹੇ ਹਨ।

ਉਨ੍ਹਾਂ ਕਿਹਾ ਕਿ ਲਗਭਗ ਸਾਰੀਆਂ ਨੈੱਟਵਰਕ ਕੰਪਨੀਆਂ ਰੀਚਾਰਜ ਦੇ ਪੈਸੇ ਲੈਣ ਦੇ ਬਾਵਜੂਦ ਢੁੱਕਵੀਆਂ ਸੇਵਾਵਾਂ ਨਹੀਂ ਦੇ ਰਹੀਆਂ। ਕੰਪਨੀਆਂ ਦਾ ਫਰਜ਼ ਬਣਦਾ ਹੈ ਕਿ ਉਹ ਤਕਨੀਕੀ ਮਾਹਿਰਾਂ ਨੂੰ ਪਿੰਡਾਂ ਵਿੱਚ ਭੇਜ ਕੇ ਨੈੱਟਵਰਕ ਸੇਵਾਵਾਂ ਵਿੱਚ ਸੁਧਾਰ ਕਰਨ ਅਤੇ ਬਿਹਤਰ ਤਕਨੀਕ ਦੀ ਵਰਤੋਂ ਕਰਨ। ਧੀਮਾਨ ਨੇ ਦੱਸਿਆ ਕਿ ਕਈ ਪਰਿਵਾਰਾਂ ਦੇ ਨੌਜਵਾਨ ਵਿਦੇਸ਼ਾਂ ਵਿੱਚ ਰਹਿੰਦੇ ਹਨ। ਜਦੋਂ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਫ਼ੋਨ ਕਰਦੇ ਹਨ ਤਾਂ ਘਰਦਿਆਂ ਨੂੰ ਨੈੱਟਵਰਕ ਸਿਗਨਲ ਲੈਣ ਲਈ ਛੱਤਾਂ ’ਤੇ ਚੜ੍ਹਨਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਨੈੱਟਵਰਕ ਕੰਪਨੀਆਂ ਵੱਲੋਂ ਸਹੀ ਸੇਵਾਵਾਂ ਨਾ ਦੇਣ ਕਾਰਨ ਕੰਢੀ ਇਲਾਕੇ ਵਿੱਚ ਬੱਚਿਆਂ ਦੀ ਪੜ੍ਹਾਈ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀ ਹੈ। ਨੈੱਟਵਰਕ ਸਹੂਲਤਾਂ ਨਾ ਮਿਲਣ ਕਾਰਨ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਕਈ ਵਾਰ ਸਿਰਫ਼ ਦੋ ਮਿੰਟ ਦੇ ਕੰਮ ਲਈ ਵੀ ਸ਼ਹਿਰਾਂ ਵੱਲ ਜਾਣਾ ਪੈਂਦਾ ਹੈ। ਬੱਚਿਆਂ ਵਿੱਚ ਨੈੱਟਵਰਕ ਅਤੇ ਇੰਟਰਨੈੱਟ ਰਾਹੀਂ ਕੰਮ ਕਰਨ ਦੀ ਕਾਫ਼ੀ ਰੁਚੀ ਵਧ ਰਹੀ ਹੈ। ਕਈ ਬੱਚੇ ਘਰ ਬੈਠੇ ਹੀ ਆਨਲਾਈਨ ਕੰਮ ਕਰਨਾ ਚਾਹੁੰਦੇ ਹਨ, ਪਰ ਨੈੱਟਵਰਕ ਸੇਵਾਵਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਸ਼ਹਿਰਾਂ ਵਿੱਚ ਜਾ ਕੇ ਭਾਰੀ ਕਿਰਾਇਆ ਦੇ ਕੇ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਪਿੰਡਾਂ ਦੀਆਂ ਕਈ ਲੜਕੀਆਂ ਵੀ ਸ਼ਹਿਰਾਂ ਵਿੱਚ ਜਾ ਕੇ ਕੰਮ ਕਰ ਰਹੀਆਂ ਹਨ, ਜਦੋਂਕਿ ਵਧੀਆ ਨੈੱਟਵਰਕ ਸਹੂਲਤਾਂ ਹੋਣ ’ਤੇ ਉਹ ਆਪਣੇ ਘਰਾਂ ਤੋਂ ਹੀ ਕੰਮ ਕਰ ਸਕਦੀਆਂ ਹਨ।

ਧੀਮਾਨ ਨੇ ਦੱਸਿਆ ਕਿ ਮਾੜੀਆਂ ਨੈੱਟਵਰਕ ਸੇਵਾਵਾਂ ਕਾਰਨ ਪਿੰਡਾਂ ਦੇ ਲੋਕ ਸਰਕਾਰੀ ਸਿਹਤ ਸਹੂਲਤਾਂ ਤੋਂ ਵੀ ਕੋਹਾਂ ਦੂਰ ਹਨ। ਡਾਕਟਰੀ ਸਹੂਲਤਾਂ ਲੈਣ ਲਈ ਲੋਕਾਂ ਨੂੰ ਪੈਸੇ ਖਰਚ ਕਰਕੇ ਸ਼ਹਿਰਾਂ ਵੱਲ ਜਾਣਾ ਪੈਂਦਾ ਹੈ। ਖ਼ਾਸ ਕਰਕੇ ਔਰਤਾਂ ਨੂੰ ਜਣੇਪੇ ਸਮੇਂ ਸ਼ਹਿਰਾਂ ਵੱਲ ਜਾਣਾ ਪੈਂਦਾ ਹੈ। ਡਾਕਟਰਾਂ ਦੀ ਸਲਾਹ ਲੈਣ ਲਈ ਫ਼ੋਨ ’ਤੇ ਸੰਪਰਕ ਕਰਨਾ ਵੀ ਸੰਭਵ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਤੇਜ਼ੀ ਨਾਲ ਨੈੱਟਵਰਕ ਨਾਲ ਜੁੜਦਾ ਜਾ ਰਿਹਾ ਹੈ, ਪਰ ਮਾੜੀਆਂ ਸੇਵਾਵਾਂ ਕਾਰਨ ਪਿੰਡਾਂ ਅਤੇ ਸ਼ਹਿਰਾਂ ਵਿਚਕਾਰਲਾ ਸੰਤੁਲਨ ਵਿਗੜ ਰਿਹਾ ਹੈ।

ਧੀਮਾਨ ਨੇ ਕਿਹਾ ਕਿ ਲੋਕ ਪਿੰਡਾਂ ਵਿੱਚ ਰਹਿਣਾ ਚਾਹੁੰਦੇ ਹਨ, ਪਰ ਸਰਕਾਰਾਂ ਦੀਆਂ ਸਵਾਰਥੀ ਅਤੇ ਦੋਗਲੀਆਂ ਨੀਤੀਆਂ ਕਾਰਨ ਆਬਾਦੀ ਦਾ ਸੰਤੁਲਨ ਵੀ ਵਿਗੜ ਰਿਹਾ ਹੈ। ਕੇਂਦਰ ਸਰਕਾਰ ਆਨਲਾਈਨ ਸੇਵਾਵਾਂ ਬਾਰੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਪਿੰਡਾਂ ਵਿੱਚ ਨੈੱਟਵਰਕ ਦੀ ਹਾਲਤ ਬੇਹੱਦ ਖ਼ਰਾਬ ਹੈ। ਲੋਕ ਕੰਪਨੀਆਂ ਨੂੰ ਅਗਾਊਂ ਰੀਚਾਰਜ ਦੇ ਪੈਸੇ ਦਿੰਦੇ ਹਨ ਅਤੇ ਸਰਕਾਰ ਨੂੰ ਵੀ ਅਗਾਊਂ ਟੈਕਸ ਅਦਾ ਕਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਲੋਕਾਂ ਨਾਲ ਧੋਖਾਧੜੀ ਕਰ ਰਹੀ ਹੈ ਅਤੇ ਇਹ ਸੰਵਿਧਾਨਕ ਵਿਤਕਰੇ ਦਾ ਮਾਮਲਾ ਵੀ ਹੈ।

ਉਨ੍ਹਾਂ ਕਿਹਾ ਕਿ ਇਹ ਇਲਾਕਾ ਜ਼ਿਆਦਾਤਰ ਜੰਗਲੀ ਅਤੇ ਪਹਾੜੀ ਹੈ, ਜਿੱਥੇ ਕਿਸੇ ਵੀ ਸਮੇਂ ਕੋਈ ਐਮਰਜੈਂਸੀ ਪੈਦਾ ਹੋ ਸਕਦੀ ਹੈ। ਨੈੱਟਵਰਕ ਨਾਂਹ ਦੇ ਬਰਾਬਰ ਹੋਣ ਕਾਰਨ ਲੋਕ ਮਾਨਸਿਕ ਤਣਾਅ ਵਿੱਚ ਰਹਿੰਦੇ ਹਨ ਅਤੇ ਬੱਚੇ ਵੀ ਚੰਗੇ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਨੈੱਟਵਰਕ ਕੰਪਨੀਆਂ ਨੂੰ ਜਵਾਬਦੇਹ ਬਣਾ ਕੇ ਸੇਵਾਵਾਂ ਵਿੱਚ ਸੁਧਾਰ ਨਾ ਕਰਵਾਇਆ ਤਾਂ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਜਾਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਧੀਮਾਨ ਨੇ ਦੱਸਿਆ ਕਿ ਖਪਤਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ‘ਖਪਤਕਾਰ ਡੈਮੋਕ੍ਰੇਟਿਕ ਮੂਵਮੈਂਟ’ ਦਾ ਵਿਸਥਾਰ ਕੀਤਾ ਜਾਵੇਗਾ।

ਇਸ ਮੌਕੇ ਅਸ਼ੋਕ ਕੁਮਾਰ, ਸਤੀਸ਼ ਕੁਮਾਰ, ਰਾਮ ਦਿਆਲ, ਸੰਤੋਸ਼ ਕੁਮਾਰ, ਸ਼ਾਮੁਨਾ ਦੇਵੀ, ਦੀਪਕ ਕੁਮਾਰ, ਸੁਨੀਤਾ ਕੁਮਾਰੀ, ਕਮਲ, ਅਨੀਤਾ ਰਾਣੀ, ਸੁਨੀਤਾ ਦੇਵੀ, ਸੀਮਾ ਰਾਣੀ, ਰਮੇਸ਼ ਚੰਦ, ਅਨੁਰਾਧਾ ਤੱਖੀ, ਨਿਤਾਸ਼ਾ, ਰਾਜ ਕੁਮਾਰ, ਨੰਬਰਦਾਰ ਜਗਨ ਨਾਥ ਆਦਿ ਹਾਜ਼ਰ ਸਨ।