ਚੰਡੀਗੜ੍ਹ, 7 ਅਕਤੂਬਰ:- ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਬੁੱਧਵਾਰ ਨੂੰ ਕੈਥਲ ਅਨਾਜ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਵਿਵਸਥਾ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮੰਡੀ ਵਿੱਚ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਅਧਿਕਾਰੀਆਂ ਤੋਂ ਖਰੀਦ ਪ੍ਰਕਿਰਿਆ ਦੀ ਜਾਣਕਾਰੀ ਲੈਂਦਿਆਂ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਅਤੇ ਕਿਸਾਨਾਂ ਦਾ ਇਕ-ਇਕ ਦਾਣਾ ਨਿਰਧਾਰਿਤ ਐਮ.ਐਸ.ਪੀ. (MSP) ’ਤੇ ਖਰੀਦਿਆ ਜਾਵੇਗਾ।

ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਮੰਡੀ ਵਿੱਚ ਪਹੁੰਚੀ ਝੋਨੇ ਦੀ ਢੇਰੀ ’ਤੇ ਜਾ ਕੇ ਨਮੀ ਮਾਪਣ ਵਾਲੇ ਯੰਤਰ ਨਾਲ ਨਮੀ ਦਾ ਅੰਦਾਜ਼ਾ ਵੀ ਲਗਵਾਇਆ। ਕਿਸਾਨਾਂ ਨੇ ਮੰਤਰੀ ਸਾਹਮਣੇ ਆਪਣੀ ਸਮੱਸਿਆ ਰੱਖੀ ਕਿ ਉਨ੍ਹਾਂ ਦੀ ਫ਼ਸਲ ਨੂੰ ਐਮ.ਐਸ.ਪੀ. ’ਤੇ ਨਹੀਂ ਖਰੀਦਿਆ ਜਾ ਰਿਹਾ, ਉਨ੍ਹਾਂ ਨੂੰ ਦੋ-ਤਿੰਨ ਮੰਡੀਆਂ ਵਿੱਚ ਰਹਿਣਾ ਪੈਂਦਾ ਹੈ ਅਤੇ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਇਕ ਹੋਰ ਝੋਨੇ ਦੀ ਢੇਰੀ ’ਤੇ ਜਾ ਕੇ ਖੁਦ ਵੀ ਨਮੀ ਮਾਪਣ ਵਾਲੇ ਯੰਤਰ ਨਾਲ ਨਮੀ ਦਾ ਅੰਦਾਜ਼ਾ ਲਗਾਇਆ ਅਤੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਅਤੇ ਏਜੰਸੀਆਂ ਨੂੰ ਖਰੀਦ ਕਰਨ ਦੇ ਨਿਰਦੇਸ਼ ਦਿੱਤੇ। ਮੰਤਰੀ ਨੇ ਮੌਕੇ ’ਤੇ ਤਿੰਨੋਂ ਏਜੰਸੀਆਂ ਨੂੰ ਬਰਾਬਰ ਖਰੀਦ ਕਰਨ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਕਿਹਾ ਕਿ ਕੈਥਲ ਵਿੱਚ 270 ਆੜ੍ਹਤ ਦੀਆਂ ਦੁਕਾਨਾਂ ਹਨ, 1 ਤੋਂ 90 ਤੱਕ ਵੇਅਰ ਹਾਊਸ, 91 ਤੋਂ 180 ਖੁਰਾਕ ਸਪਲਾਈ ਵਿਭਾਗ ਅਤੇ 181 ਤੋਂ 270 ਦੁਕਾਨਾਂ ਵਿੱਚ ਹੈਫੇਡ ਝੋਨੇ ਦੀ ਖਰੀਦ ਕਰੇਗੀ। ਕਿਸਾਨਾਂ ਦੇ ਸਾਹਮਣੇ ਢੇਰੀ ਦੇ ਉੱਪਰ ਅਤੇ ਹੇਠਾਂ ਤੋਂ ਦੋ ਵਾਰ ਸੈਂਪਲ ਲਏ ਜਾਣ ਅਤੇ ਉਨ੍ਹਾਂ ਨੂੰ ਸਮਝਾਇਆ ਜਾਵੇ ਕਿ ਉਨ੍ਹਾਂ ਦੀ ਢੇਰੀ ਵਿੱਚ ਨਮੀ ਹੈ ਅਤੇ ਇਸ ਨੂੰ ਹਵਾ ਲਗਵਾਈ ਜਾਵੇ। ਉਨ੍ਹਾਂ ਨੇ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਸੀ ਤਾਲਮੇਲ ਨਾਲ ਝੋਨੇ ਦੀ ਖਰੀਦ ਕਰਨ। ਨਾਇਬ ਸਰਕਾਰ ਇਕ-ਇਕ ਦਾਣੇ ਦੀ ਖਰੀਦ ਕਰੇਗੀ। ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਐਸ.ਡੀ.ਐਮ. ਨੂੰ ਨਿਰਦੇਸ਼ ਦਿੱਤੇ ਕਿ ਤਿੰਨੋਂ ਏਜੰਸੀਆਂ ਵੱਲੋਂ ਕੀਤੀ ਗਈ ਖਰੀਦ ਦੀ ਰਿਪੋਰਟ ਭੇਜੀ ਜਾਵੇ। ਜੇਕਰ ਕੋਈ ਅਧਿਕਾਰੀ ਇਸ ਕੰਮ ਵਿੱਚ ਲਾਪ੍ਰਵਾਹੀ ਵਰਤੇਗਾ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ਤੋਂ ਝੋਨੇ ਦੀ ਚੁਕਾਈ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ।

‘ਮੇਰੀ ਫ਼ਸਲ-ਮੇਰਾ ਬਿਊਰਾ’ ’ਤੇ ਰਜਿਸਟ੍ਰੇਸ਼ਨ ਦੀ ਸਮੱਸਿਆ ਦੇ ਮੱਦੇਨਜ਼ਰ ਮੰਤਰੀ ਨੇ ਕਿਹਾ ਕਿ ਅੱਜ ਅਤੇ 8 ਅਕਤੂਬਰ ਨੂੰ ਪੋਰਟਲ ਖੁੱਲ੍ਹਿਆ ਹੈ, ਕੋਈ ਵੀ ਕਿਸਾਨ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਮੰਡੀਆਂ ਵਿੱਚ ਇਕ-ਇਕ ਪਟਵਾਰੀ ਦੀ ਡਿਊਟੀ ਲਗਾਈ ਗਈ ਹੈ, ਉੱਥੇ ਹੀ ਇੱਕ ਕਮੇਟੀ ਗਠਿਤ ਕੀਤੀ ਗਈ ਹੈ, ਜੋ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਕਰਵਾਏਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਵੇਚਣ ਤੋਂ ਪਹਿਲਾਂ ਸੁਕਾ ਕੇ ਲਿਆਉਣ, ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਮੰਡੀ ਵਿੱਚ ਬਿਜਲੀ, ਪੀਣ ਵਾਲਾ ਪਾਣੀ, ਟਾਇਲਟ, ਲੋੜੀਂਦਾ ਬਾਰਦਾਨਾ ਸਮੇਤ ਕਿਸਾਨਾਂ ਲਈ ਜ਼ਰੂਰੀ ਸਾਰੀਆਂ ਬੁਨਿਆਦੀ ਸਹੂਲਤਾਂ ਸਮੁੱਚੇ ਰੂਪ ਵਿੱਚ ਉਪਲਬਧ ਰੱਖੀਆਂ ਜਾਣ। ਮੰਡੀ ਵਿੱਚ ਸਾਫ਼-ਸਫ਼ਾਈ ਸਮੇਤ ਹੋਰ ਵਿਵਸਥਾਵਾਂ ਨੂੰ ਵੀ ਦਰੁਸਤ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਸਰਵਉੱਚ ਪਹਿਲ ਦੇ ਰਹੀ ਹੈ। ਸਰਕਾਰ ਵੱਲੋਂ ਸੂਬੇ ਵਿੱਚ 24 ਫ਼ਸਲਾਂ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ (MSP) ’ਤੇ ਕੀਤੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਯੋਗ ਮੁੱਲ ਮਿਲ ਰਿਹਾ ਹੈ।