ਚੰਡੀਗੜ੍ਹ (ਜਗਮੀਤ ਘੁੰਮਣ):- ਕ੍ਰੋਨਿਕ ਆਬਸਟਰਕਟਿਵ ਪਲਮਨਰੀ ਡਿਜ਼ੀਜ਼ (ਸੀਓਪੀਡੀ) ਦੇ ਵਧਦੇ ਵਿਸ਼ਵਵਿਆਪੀ ਖ਼ਤਰੇ ਨੂੰ ਉਜਾਗਰ ਕਰਦਿਆਂ ਪਾਰਕ ਹਸਪਤਾਲ ਪੰਚਕੂਲਾ ਅਤੇ ਪਾਰਕ ਹਸਪਤਾਲ ਮੋਹਾਲੀ ਦੇ ਸੀਨੀਅਰ ਫੇਫੜਿਆਂ ਦੇ ਮਾਹਿਰਾਂ ਨੇ ਬਿਮਾਰੀ ਦੀ ਸਮੇਂ ਸਿਰ ਪਛਾਣ, ਢੁੱਕਵੇਂ ਇਲਾਜ ਅਤੇ ਬਚਾਅ ਦੇ ਉਪਾਵਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸ ਸਬੰਧ ਵਿੱਚ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਕਰਵਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਮਾਹਿਰਾਂ ਨੇ ਸੀਓਪੀਡੀ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਪਾਰਕ ਹਸਪਤਾਲ ਪੰਚਕੂਲਾ ਤੋਂ ਡਾਇਰੈਕਟਰ – ਪਲਮਨੋਲੋਜੀ ਡਾ. ਐਸਕੇ ਗੁਪਤਾ ਅਤੇ ਕੰਸਲਟੈਂਟ – ਪਲਮਨੋਲੋਜੀ ਡਾ. ਅਮਨਪ੍ਰੀਤ ਕੌਰ ਅਤੇ ਪਾਰਕ ਹਸਪਤਾਲ ਮੋਹਾਲੀ ਤੋਂ ਕੰਸਲਟੈਂਟ – ਪਲਮਨੋਲੋਜੀ ਡਾ. ਹਿਤੇਸ਼ ਗੌਰ ਅਤੇ ਐਸੋਸੀਏਟ ਡਾਇਰੈਕਟਰ – ਪਲਮਨੋਲੋਜੀ ਡਾ. ਸੁਮਿਤ ਭਾਰਤੀ ਹਾਜ਼ਰ ਸਨ।
ਡਾ. ਐਸਕੇ ਗੁਪਤਾ ਨੇ ਸੀਓਪੀਡੀ ਦੀ ਗੰਭੀਰਤਾ ਬਾਰੇ ਦੱਸਦਿਆਂ ਕਿਹਾ ਕਿ ਇਹ ਦੁਨੀਆ ਭਰ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚ ਸ਼ਾਮਲ ਹੈ ਅਤੇ ਦਿਲ ਦੀਆਂ ਬਿਮਾਰੀਆਂ ਤੇ ਕੈਂਸਰ ਤੋਂ ਬਾਅਦ ਮੌਤ ਦਾ ਤੀਜਾ ਸਭ ਤੋਂ ਵੱਡਾ ਕਾਰਨ ਹੈ। ਉਨ੍ਹਾਂ ਦੱਸਿਆ ਕਿ ਸੀਓਪੀਡੀ ਫੇਫੜਿਆਂ ਦੀ ਇੱਕ ਲਗਾਤਾਰ ਵਧਣ ਵਾਲੀ ਬਿਮਾਰੀ ਹੈ, ਜਿਸ ਵਿੱਚ ਫੇਫੜਿਆਂ ਅੰਦਰ ਹਵਾ ਦੇ ਆਉਣ-ਜਾਣ ਦਾ ਪ੍ਰਵਾਹ ਰੁਕਾਵਟ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਮਰੀਜ਼ ਨੂੰ ਸਾਹ ਲੈਣ ਵਿੱਚ ਲਗਾਤਾਰ ਮੁਸ਼ਕਲ ਆਉਂਦੀ ਹੈ।
ਉਨ੍ਹਾਂ ਕਿਹਾ, "ਕਈ ਲੋਕ ਸਾਹ ਚੜ੍ਹਨ ਅਤੇ ਲਗਾਤਾਰ ਖੰਘ ਆਉਣ ਨੂੰ ਵਧਦੀ ਉਮਰ ਦੇ ਆਮ ਲੱਛਣ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਬਿਮਾਰੀ ਦੇ ਸ਼ੁਰੂਆਤੀ ਪੜਾਵਾਂ ਵਿੱਚ ਲੱਛਣ ਹਲਕੇ ਹੋ ਸਕਦੇ ਹਨ ਜਾਂ ਆਸਾਨੀ ਨਾਲ ਪਛਾਣ ਵਿੱਚ ਨਹੀਂ ਆਉਂਦੇ, ਜਿਸ ਕਾਰਨ ਮਰੀਜ਼ ਨੂੰ ਬਿਮਾਰੀ ਬਾਰੇ ਪਤਾ ਵੀ ਨਹੀਂ ਲੱਗਦਾ ਅਤੇ ਇਹ ਹੌਲੀ-ਹੌਲੀ ਗੰਭੀਰ ਹੁੰਦੀ ਜਾਂਦੀ ਹੈ।"
ਡਾ. ਹਿਤੇਸ਼ ਗੌਰ ਨੇ ਸੀਓਪੀਡੀ ਦੇ ਗੰਭੀਰ ਸਿਹਤ ਪ੍ਰਭਾਵਾਂ ਬਾਰੇ ਦੱਸਦਿਆਂ ਕਿਹਾ ਕਿ ਇਹ ਦੁਨੀਆ ਭਰ ਵਿੱਚ ਬਿਮਾਰੀ ਅਤੇ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਦਾ ਇੱਕ ਪ੍ਰਮੁੱਖ ਕਾਰਨ ਹੈ। ਇਹ ਬਿਮਾਰੀ ਆਮ ਤੌਰ 'ਤੇ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਦੇਖੀ ਜਾਂਦੀ ਹੈ, ਖ਼ਾਸ ਕਰਕੇ ਉਨ੍ਹਾਂ ਵਿੱਚ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਸਿਗਰਟਨੋਸ਼ੀ ਦੀ ਆਦਤ ਰਹੀ ਹੋਵੇ। ਹਾਲਾਂਕਿ, ਸਿਗਰਟਨੋਸ਼ੀ ਨਾ ਕਰਨ ਵਾਲੇ ਲੋਕ ਵੀ ਲੰਬੇ ਸਮੇਂ ਤੱਕ ਹਾਨੀਕਾਰਕ ਤੱਤਾਂ ਦੇ ਸੰਪਰਕ ਵਿੱਚ ਰਹਿਣ ਕਾਰਨ ਸੀਓਪੀਡੀ ਤੋਂ ਪ੍ਰਭਾਵਿਤ ਹੋ ਸਕਦੇ ਹਨ।
ਉਨ੍ਹਾਂ ਕਿਹਾ, "ਕੰਮ ਵਾਲੀਆਂ ਥਾਵਾਂ 'ਤੇ ਲੰਬੇ ਸਮੇਂ ਤੱਕ ਰਸਾਇਣਾਂ, ਧੂੜ ਅਤੇ ਜ਼ਹਿਰੀਲੇ ਧੂੰਏਂ ਦੇ ਸੰਪਰਕ ਵਿੱਚ ਰਹਿਣਾ ਅਤੇ ਘਰਾਂ ਵਿੱਚ ਬਾਇਓਮਾਸ ਤੇ ਹੋਰ ਠੋਸ ਈਂਧਨਾਂ ਨਾਲ ਖਾਣਾ ਪਕਾਉਣ ਕਾਰਨ ਪੈਦਾ ਹੋਣ ਵਾਲਾ ਹਵਾ ਪ੍ਰਦੂਸ਼ਣ ਸੀਓਪੀਡੀ ਦਾ ਖ਼ਤਰਾ ਵਧਾ ਸਕਦਾ ਹੈ।"
ਡਾ. ਸੁਮਿਤ ਭਾਰਤੀ ਨੇ ਦੱਸਿਆ ਕਿ ਸੀਓਪੀਡੀ ਫੇਫੜਿਆਂ ਦੀ ਇੱਕ ਪੁਰਾਣੀ ਅਤੇ ਲਗਾਤਾਰ ਵਧਣ ਵਾਲੀ ਬਿਮਾਰੀ ਹੈ, ਜਿਸ ਵਿੱਚ ਸਾਹ ਦੀਆਂ ਨਾਲੀਆਂ ਵਿੱਚ ਸੋਜ ਅਤੇ ਫੇਫੜਿਆਂ ਦੀਆਂ ਹਵਾ ਵਾਲੀਆਂ ਥੈਲੀਆਂ ਨੂੰ ਨੁਕਸਾਨ ਪਹੁੰਚਦਾ ਹੈ। ਇਸ ਕਾਰਨ ਮਰੀਜ਼ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਬਿਮਾਰੀ ਗੰਭੀਰ ਹੋਣ 'ਤੇ ਮਰੀਜ਼ਾਂ ਨੂੰ ਥੋੜ੍ਹੀ ਦੂਰ ਤੁਰਨ ਵਿੱਚ ਵੀ ਪਰੇਸ਼ਾਨੀ ਹੋ ਸਕਦੀ ਹੈ ਅਤੇ ਨਿਮੋਨੀਆ ਸਮੇਤ ਹੋਰ ਸਾਹ ਸਬੰਧੀ ਇਨਫੈਕਸ਼ਨਾਂ ਦਾ ਖ਼ਤਰਾ ਵਧ ਜਾਂਦਾ ਹੈ।
ਡਾ. ਅਮਨਪ੍ਰੀਤ ਕੌਰ ਨੇ ਦੱਸਿਆ ਕਿ ਸਰਦੀਆਂ ਵਿੱਚ ਤਾਪਮਾਨ ਘਟਣ ਨਾਲ ਸੀਓਪੀਡੀ ਦੇ ਮਰੀਜ਼ਾਂ ਦੀ ਤਕਲੀਫ਼ ਵਧ ਸਕਦੀ ਹੈ ਅਤੇ ਉਨ੍ਹਾਂ ਵਿੱਚ ਸਾਹ ਸਬੰਧੀ ਇਨਫੈਕਸ਼ਨਾਂ ਦਾ ਖ਼ਤਰਾ ਵੀ ਵਧ ਜਾਂਦਾ ਹੈ। ਉਨ੍ਹਾਂ ਸੀਓਪੀਡੀ ਦੇ ਮਰੀਜ਼ਾਂ ਨੂੰ ਸਰਦੀਆਂ ਦੌਰਾਨ ਵਿਸ਼ੇਸ਼ ਸਾਵਧਾਨੀ ਵਰਤਣ, ਡਾਕਟਰ ਵੱਲੋਂ ਦੱਸੀਆਂ ਦਵਾਈਆਂ ਨਿਯਮਿਤ ਤੌਰ 'ਤੇ ਲੈਣ ਅਤੇ ਲੱਛਣ ਵਧਣ 'ਤੇ ਤੁਰੰਤ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ।
