ਰਤੀਆ, 23 ਨਵੰਬਰ (ਐਡਵੋਕੇਟ ਗੁਰਪ੍ਰੀਤ ਮੰਡੇਰ):- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਲੀਕਾ ਵਿਖੇ ਸ਼ਹੀਦ ਦੇਵਿੰਦਰ ਸਿੰਘ ਯਾਦਗਾਰੀ ਟਰੱਸਟ, ਰਤੀਆ ਵੱਲੋਂ 25ਵੇਂ ਸ਼ਹੀਦੀ ਚੇਤਨਾ ਹਫ਼ਤੇ ਤਹਿਤ ਸ਼ਹੀਦੀ ਚੇਤਨਾ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਡਾ. ਨਰੇਸ਼ ਕੁਮਾਰ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸ਼ਹੀਦ ਦੇਵਿੰਦਰ ਸਿੰਘ ਦੀ ਤਸਵੀਰ ਅੱਗੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦੇਣ ਨਾਲ ਹੋਈ।
ਇਸ ਮੌਕੇ ਟਰੱਸਟ ਦੀ ਮੈਂਬਰ ਅਤੇ ਬੁਲਾਰਾ ਬੇਅੰਤ ਕੌਰ ਨੇ ਹਾਜ਼ਰ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਪਿਛਲੇ 25 ਸਾਲਾਂ ਤੋਂ ਟਰੱਸਟ ਵੱਲੋਂ ਕਰਵਾਏ ਜਾ ਰਹੇ ਸ਼ਹੀਦੀ ਚੇਤਨਾ ਹਫ਼ਤੇ ਦੇ ਸਮਾਗਮਾਂ ਅਤੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਸਕੂਲ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਸ਼ਹੀਦ ਦੇਵਿੰਦਰ ਸਿੰਘ ਦੇ ਜੀਵਨ, ਸੰਘਰਸ਼ ਅਤੇ ਦੇਸ਼ ਪ੍ਰਤੀ ਉਨ੍ਹਾਂ ਦੀ ਸ਼ਹਾਦਤ ਦੀ ਗਾਥਾ ਪੇਸ਼ ਕੀਤੀ। ਇਸ ਦੌਰਾਨ ਵਿਦਿਆਰਥੀਆਂ ਲਈ ਸ਼ਹੀਦ ਦੇ ਜੀਵਨ ਅਤੇ ਕੁਰਬਾਨੀ 'ਤੇ ਆਧਾਰਿਤ ਪ੍ਰਸ਼ਨੋਤਰੀ ਮੁਕਾਬਲਾ ਵੀ ਕਰਵਾਇਆ ਗਿਆ।
ਚੇਤਨਾ ਰੈਲੀ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਡਾ. ਨਰੇਸ਼ ਕੁਮਾਰ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ ਵਿੱਚ ਕੌਮੀ ਭਾਵਨਾ ਅਤੇ ਦੇਸ਼ਭਗਤੀ ਦੀ ਚੇਤਨਾ ਮਜ਼ਬੂਤ ਹੋਈ ਹੈ। ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਕਾਰਨ ਹੀ ਅੱਜ ਅਸੀਂ ਆਜ਼ਾਦ ਮਾਹੌਲ ਵਿੱਚ ਜੀਵਨ ਬਤੀਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਹਰ ਨਾਗਰਿਕ ਨੂੰ ਦੇਸ਼, ਸਮਾਜ ਅਤੇ ਮਨੁੱਖਤਾ ਪ੍ਰਤੀ ਆਪਣੇ ਫ਼ਰਜ਼ ਨਿਭਾਉਣੇ ਚਾਹੀਦੇ ਹਨ।
ਇਸ ਮੌਕੇ ਵਿਦਿਆਰਥੀਆਂ ਨੇ ਚੇਤਨਾ ਰੈਲੀ ਰਾਹੀਂ ‘ਵਾਤਾਵਰਨ ਬਚਾਓ, ਜ਼ਿੰਦਗੀ ਬਚਾਓ’ ਅਤੇ ‘ਨਸ਼ਾ ਮੁਕਤ ਸਮਾਜ ਹੋਵੇ, ਚੰਗੀ ਜ਼ਿੰਦਗੀ ਦਾ ਆਗਾਜ਼ ਹੋਵੇ’ ਵਰਗੇ ਪ੍ਰੇਰਨਾਦਾਇਕ ਨਾਅਰਿਆਂ ਨਾਲ ਮਾਹੌਲ ਗੂੰਜਾ ਦਿੱਤਾ। ਰੈਲੀ ਰਾਹੀਂ ਵਾਤਾਵਰਨ ਦੀ ਸੰਭਾਲ, ਨਸ਼ਾ ਮੁਕਤੀ ਅਤੇ ਸਮਾਜਿਕ ਜਾਗਰੂਕਤਾ ਦਾ ਸੁਨੇਹਾ ਦਿੱਤਾ ਗਿਆ।
ਸਮਾਰੋਹ ਵਿੱਚ ਪ੍ਰਿੰਸੀਪਲ ਡਾ. ਨਰੇਸ਼ ਕੁਮਾਰ, ਟਰੱਸਟ ਦੀ ਬੁਲਾਰਾ ਬੇਅੰਤ ਕੌਰ, ਵੀਰਪਾਲ ਕੌਰ, ਮਮਤਾ ਰਾਣੀ, ਮਨੀਸ਼ਾ ਰਾਣੀ, ਮਹਿੰਦਰ ਸਿੰਘ ਅਤੇ ਰਾਜਕੁਮਾਰ ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
