ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਸ੍ਰੀ ਤੀਕਸ਼ਣ ਸੂਦ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਵਿਸ਼ੇਸ਼ ਨੀਤੀਆਂ ਸਦਕਾ ਸਾਲ 2027 ਵਿੱਚ ਭਾਰਤ ਦੀ ਅਰਥਵਿਵਸਥਾ ਚੀਨ ਨੂੰ ਵੀ ਪਿੱਛੇ ਛੱਡ ਕੇ ਅੱਗੇ ਰਹਿਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਦੇ ਮਾਮਲੇ ਵਿੱਚ ਮੋਦੀ ਸਰਕਾਰ ਦਾ ਕਾਰਜਕਾਲ ਸਭ ਤੋਂ ਵੱਧ ਸਫਲ ਰਿਹਾ ਹੈ। ਪਿਛਲੇ ਦਿਨੀਂ ਵੱਖ-ਵੱਖ ਆਰਥਿਕ ਏਜੰਸੀਆਂ ਵੱਲੋਂ ਲਗਾਏ ਗਏ ਅਨੁਮਾਨਾਂ ਅਨੁਸਾਰ ਭਾਰਤ ਦੀ ਆਰਥਿਕ ਵਿਕਾਸ ਦਰ (ਜੀ.ਡੀ.ਪੀ.) 7 ਤੋਂ 7.5 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ।

 ਇਸ ਦੇ ਮੁਕਾਬਲੇ ਵਿਸ਼ਵ ਅਰਥਵਿਵਸਥਾ ਦੀ ਵਿਕਾਸ ਦਰ 2026 ਵਿੱਚ 2.7 ਫ਼ੀਸਦੀ ਤੋਂ ਵਧ ਕੇ 2027 ਵਿੱਚ 2.8 ਫ਼ੀਸਦੀ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਨਿਵੇਸ਼ ਬੈਂਕ ਗੋਲਡਮੈਨ ਸੈਕਸ ਦੇ ਅਨੁਸਾਰ ਚੀਨ ਦੀ 4.5 ਫ਼ੀਸਦੀ ਵਿਕਾਸ ਦਰ ਦੇ ਮੁਕਾਬਲੇ ਭਾਰਤ ਦੀ ਵਿਕਾਸ ਦਰ 7.2 ਫ਼ੀਸਦੀ ਰਹਿਣ ਦਾ ਅਨੁਮਾਨ ਹੈ।

 ਇਸੇ ਤਰ੍ਹਾਂ ਬੈਂਕ ਆਫ਼ ਅਮਰੀਕਾ ਗਲੋਬਲ ਰਿਸਰਚ ਦੀ ਰਿਪੋਰਟ ਅਨੁਸਾਰ ਭਾਰਤ ਦੀ ਵਿਕਾਸ ਦਰ 7.4 ਫ਼ੀਸਦੀ ਤੋਂ ਵੱਧ ਹੋ ਸਕਦੀ ਹੈ, ਜਦਕਿ ਮੂਡੀਜ਼ ਰੇਟਿੰਗਜ਼ ਦੇ ਅਨੁਮਾਨ ਅਨੁਸਾਰ ਭਾਰਤ ਦੀ ਆਰਥਿਕ ਵਿਕਾਸ ਦਰ 7 ਫ਼ੀਸਦੀ ਤੋਂ ਉੱਪਰ ਰਹਿ ਸਕਦੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਏਜੰਸੀਆਂ ਵੱਲੋਂ ਭਾਰਤ ਦੀ ਆਰਥਿਕ ਵਿਕਾਸ ਦਰ ਬਾਰੇ ਲਗਾਏ ਗਏ ਇਹ ਅਨੁਮਾਨ ਦੇਸ਼ ਲਈ ਸ਼ੁਭ ਸੰਕੇਤ ਹਨ। ਮੌਜੂਦਾ ਦੌਰ ਵਿੱਚ ਵਿਸ਼ਵ ਪੱਧਰ ’ਤੇ ਦਬਦਬੇ ਦੀ ਲੜਾਈ ਆਰਥਿਕ ਮੋਰਚੇ ’ਤੇ ਮਜ਼ਬੂਤੀ ਹਾਸਲ ਕਰਨ ਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਲ 2047 ਤੱਕ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ ਦੇਸ਼ ਦੀ ਅਰਥਵਿਵਸਥਾ ਨੂੰ ਇਸ ਟੀਚੇ ਤੱਕ ਪਹੁੰਚਾਉਣ ਵਿੱਚ ਸਹਾਇਕ ਸਿੱਧ ਹੋਵੇਗਾ।