ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧੀਨ ਹੁਸ਼ਿਆਰਪੁਰ ਜ਼ੋਨ-5 ਵਿੱਚ ਆਉਂਦੇ 30 ਕਾਲਜਾਂ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਸਿਰਜਣਾਤਮਕ, ਕਲਾਤਮਕ ਅਤੇ ਵਿਰਾਸਤੀ ਗਤੀਵਿਧੀਆਂ ਨਾਲ ਸਬੰਧਤ ਚਾਰ ਰੋਜ਼ਾ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਅੱਜ ਯਾਦਗਾਰੀ ਹੋ ਨਿਬੜਿਆ। ਯੁਵਕ ਮੇਲੇ ਦੇ ਆਖਰੀ ਦਿਨ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਲੋਕ ਸੰਗੀਤ, ਕਵੀਸ਼ਰੀ, ਕਲੀ, ਵਾਰ ਸਮੇਤ ਵਿਰਾਸਤੀ ਕਲਾਵਾਂ ਦੀਆਂ ਪੇਸ਼ਕਾਰੀਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਮੇਲੇ ਦੇ ਸਫਲ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ।

**ਪਤਵੰਤਿਆਂ ਦੀ ਮੌਜੂਦਗੀ**

ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਸਕੱਤਰ ਪ੍ਰੋ. ਅਪਿੰਦਰ ਸਿੰਘ ਮਾਹਿਲਪੁਰੀ, ਖਜ਼ਾਨਚੀ ਵੀਰਇੰਦਰ ਸ਼ਰਮਾ, ਗੁਰਦਿਆਲ ਸਿੰਘ ਕਹਾਰਪੁਰ ਸਮੇਤ ਕੌਂਸਲ ਦੇ ਹੋਰ ਮੈਂਬਰ, ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਅਤੇ ਇਲਾਕੇ ਦੇ ਸਿੱਖਿਆ, ਧਰਮ ਅਤੇ ਸਮਾਜ ਸੇਵਾ ਦੇ ਖੇਤਰ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਲੋਕ ਨਾਚ ਗਿੱਧਾ ਅਤੇ ਭੰਗੜਾ ਦੀਆਂ ਪੇਸ਼ਕਾਰੀਆਂ ਦੇਖਣ ਲਈ ਦਰਸ਼ਕਾਂ ਦੀ ਭਾਰੀ ਭੀੜ ਇਕੱਠੀ ਹੋਈ।

**ਮੁਕਾਬਲਿਆਂ ਦੇ ਨਤੀਜੇ**

ਲੋਕ ਨਾਚ ਗਿੱਧਾ ਮੁਕਾਬਲੇ ਵਿੱਚ ਖਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਖਾਲਸਾ ਕਾਲਜ ਗੜ੍ਹਸ਼ੰਕਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਸਰਕਾਰੀ ਕਾਲਜ ਹੁਸ਼ਿਆਰਪੁਰ ਅਤੇ ਐੱਸ.ਪੀ.ਐੱਨ. ਕਾਲਜ ਮੁਕੇਰੀਆਂ ਦੀਆਂ ਟੀਮਾਂ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ। ਲੋਕ ਨਾਚ ਭੰਗੜਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਦੂਜਾ ਅਤੇ ਐੱਸ.ਪੀ.ਐੱਨ. ਕਾਲਜ ਮੁਕੇਰੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

**ਓਵਰਆਲ ਟਰਾਫੀ**

ਇਸੇ ਤਰ੍ਹਾਂ ਯੁਵਕ ਮੇਲੇ ਦੇ ਚਾਰ ਦਿਨਾਂ ਦੀਆਂ ਸਮੁੱਚੀਆਂ ਪ੍ਰਾਪਤੀਆਂ ਦੇ ਆਧਾਰ 'ਤੇ ਸਭ ਤੋਂ ਵੱਧ ਅੰਕ ਹਾਸਲ ਕਰਕੇ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਓਵਰਆਲ ਟਰਾਫੀ ਜਿੱਤੀ। ਦਸ਼ਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼, ਮੁਕੇਰੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਮੇਜ਼ਬਾਨ ਕਾਲਜ ਖਾਲਸਾ ਕਾਲਜ ਮਾਹਿਲਪੁਰ ਤੀਜੇ ਸਥਾਨ 'ਤੇ ਰਿਹਾ।

**ਪ੍ਰਬੰਧਕਾਂ ਵੱਲੋਂ ਧੰਨਵਾਦ**

ਇਸ ਮੌਕੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਯੁਵਕ ਮੇਲੇ ਦੇ ਸ਼ਾਨਦਾਰ ਆਯੋਜਨ ਲਈ ਪੰਜਾਬ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਅਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਇਨ੍ਹਾਂ ਟੀਮਾਂ ਨੂੰ 10 ਨਵੰਬਰ ਤੋਂ 13 ਨਵੰਬਰ ਤੱਕ ਇਸੇ ਕਾਲਜ ਵਿੱਚ ਹੋਣ ਵਾਲੇ ਇੰਟਰ-ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਭਰਪੂਰ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਵੱਖ-ਵੱਖ ਕਾਲਜਾਂ ਦੇ ਕੰਟੀਜੈਂਟ ਇੰਚਾਰਜਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਯੁਵਕ ਮੇਲੇ ਦੌਰਾਨ ਜਸਵੀਰ ਬੇਗਮਪੁਰੀ ਅਤੇ ਸੁਖਵਿੰਦਰ ਸਿੰਘ ਵੱਲੋਂ ਲਗਾਈ ਗਈ ਪੁਸਤਕਾਂ ਦੀ ਵਿਕਰੀ ਪ੍ਰਦਰਸ਼ਨੀ ਵਿੱਚ ਸਾਹਿਤ ਪ੍ਰੇਮੀਆਂ ਨੇ ਭਰਪੂਰ ਖਰੀਦਦਾਰੀ ਕੀਤੀ। ਇਸ ਮੌਕੇ ਖਾਣ-ਪੀਣ ਦੇ ਸ਼ੁੱਧ ਰਵਾਇਤੀ ਪਦਾਰਥਾਂ ਦੇ ਲੱਗੇ ਸਟਾਲਾਂ ਪ੍ਰਤੀ ਵੀ ਦਰਸ਼ਕਾਂ ਦਾ ਉਤਸ਼ਾਹ ਬਣਿਆ ਰਿਹਾ। ਯੁਵਕ ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਵਿਕਰਾਂਤ ਰਾਣਾ ਨੇ ਮੇਲੇ ਦੇ ਸਫਲ ਆਯੋਜਨ ਲਈ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦਾ ਧੰਨਵਾਦ ਕੀਤਾ।

ਇਸ ਮੌਕੇ ਸੈਨੇਟ ਮੈਂਬਰ ਡਾ. ਜਗਤਾਰ ਸਿੰਘ, ਪ੍ਰਿੰਸੀਪਲ ਸਵਿਤਾ ਗੁਪਤਾ, ਪ੍ਰਿੰਸੀਪਲ ਅਮਨਦੀਪ ਕੌਰ, ਅਰਵਿੰਦਰ ਸਿੰਘ ਹਵੇਲੀ, ਐਡਵੋਕੇਟ ਚਰਨਜੀਤ ਸਿੰਘ ਚੰਨੀ ਓ.ਐੱਸ.ਡੀ., ਪ੍ਰਿੰਸੀਪਲ ਰਾਜਵਿੰਦਰ ਕੌਰ, ਗੁਰਵਿੰਦਰ ਕੈਂਡੋਵਾਲ, ਸੁਖਦੇਵ ਨਡਾਲੋਂ ਸਮੇਤ ਅਨੇਕਾਂ ਸ਼ਖ਼ਸੀਅਤਾਂ ਹਾਜ਼ਰ ਸਨ। ਮੰਚ ਸੰਚਾਲਨ ਡਾ. ਜੇ. ਬੀ. ਸੇਖੋਂ, ਡਾ. ਦੇਵ ਕੁਮਾਰ, ਡਾ. ਦੀਪਕ ਅਤੇ ਡਾ. ਬਲਵੀਰ ਕੌਰ ਨੇ ਕੀਤਾ।