ਗੁਰਦਾਸਪੁਰ, 22 ਨਵੰਬਰ 2026 (ਬਲਵਿੰਦਰ ਸਿੰਘ ਬਾਲਮ):- ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਲਿਮਟਿਡ ਦੇ ਸਹਿਯੋਗ ਨਾਲ ਗੰਨਾ ਕਾਸ਼ਤਕਾਰਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਪ੍ਰਤੀ ਜਾਗਰੂਕ ਕਰਨ ਲਈ ਪਿੰਡ ਪੱਖੋਵਾਲ ਵਿਖੇ ਨੁੱਕੜ ਮੀਟਿੰਗ ਕੀਤੀ ਗਈ। ਪੰਜਾਬ ਦੇ ਸਾਬਕਾ ਕੇਨ ਕਮਿਸ਼ਨਰ ਡਾ. ਅਮਰੀਕ ਸਿੰਘ ਵਿਸ਼ੇਸ਼ ਤੌਰ ’ਤੇ ਇਸ ਮੀਟਿੰਗ ਵਿੱਚ ਪਹੁੰਚੇ। ਇਸ ਮੌਕੇ ਰਾਊਂਡ ਗਲਾਸ ਫਾਊਂਡੇਸ਼ਨ ਤੋਂ ਇੰਜੀਨੀਅਰ ਅੰਮ੍ਰਿਤਪਾਲ ਸਿੰਘ, ਸਰਪੰਚ ਦਲਬੀਰ ਚੰਦ, ਗੰਨਾ ਵਿਕਾਸ ਇੰਸਪੈਕਟਰ ਵਰਿੰਦਰ ਬੈਂਸ, ਸਰਵੇਅਰ ਮਨਦੀਪ ਸਿੰਘ, ਅਮਿਤ ਕੁਮਾਰ, ਮੱਖਣ ਸਿੰਘ, ਹੀਰਾ ਲਾਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਦੀ ਖੇਤੀ ਵਿੱਚ ਮਜ਼ਦੂਰਾਂ ਦੀ ਆ ਰਹੀ ਕਮੀ ਨੂੰ ਮੁੱਖ ਰੱਖਦਿਆਂ ਗੰਨੇ ਦੀ ਫ਼ਸਲ ਦਾ ਮਸ਼ੀਨੀਕਰਨ ਜ਼ਰੂਰੀ ਹੋ ਗਿਆ ਹੈ। ਇਸ ਲਈ ਸਹਿਕਾਰੀ ਸੁਸਾਇਟੀਆਂ ਅਤੇ ਗ੍ਰਾਮ ਪੰਚਾਇਤਾਂ ਸਬਸਿਡੀ ’ਤੇ ਲੋੜੀਂਦੀਆਂ ਮਸ਼ੀਨਾਂ ਖਰੀਦ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਚਾਰ ਤੋਂ ਪੰਜ ਕਿਸਾਨ ਆਪਸ ਵਿੱਚ ਰਲ ਕੇ ਵੀ ਮਸ਼ੀਨਾਂ ਖਰੀਦ ਸਕਦੇ ਹਨ ਅਤੇ ਗੰਨੇ ਦੀ ਖੇਤੀ ਲਈ ਵਰਤ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਬਹਾਰ ਰੁੱਤ (15 ਫਰਵਰੀ ਤੋਂ 20 ਮਾਰਚ) ਦੌਰਾਨ ਗੰਨੇ ਦੀ ਬਿਜਾਈ ਚੌੜੀ ਵਿੱਥ ਵਾਲੀ ਡੂੰਘੀ ਇਕਹਿਰੀ ਖਾਲੀ ਵਿਧੀ ਨਾਲ ਕਰਨ ਨੂੰ ਤਰਜੀਹ ਦੇਣ, ਤਾਂ ਜੋ ਖੇਤੀ ਲਾਗਤ ਖਰਚੇ ਘਟਾ ਕੇ ਪ੍ਰਤੀ ਏਕੜ ਪੈਦਾਵਾਰ ਵਧਾਈ ਜਾ ਸਕੇ।

ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਬਹਾਰ ਰੁੱਤ ਦੌਰਾਨ ਗੰਨੇ ਦੀ ਫ਼ਸਲ ਵਿੱਚ ਅੰਤਰ-ਫ਼ਸਲਾਂ ਜਿਵੇਂ ਗਰਮੀ ਰੁੱਤ ਦੇ ਮਾਂਹ, ਮੂੰਗੀ, ਭਿੰਡੀ, ਮੈਂਥਾ ਅਤੇ ਰਾਜਮਾਂਹ ਆਦਿ ਦੀ ਕਾਸ਼ਤ ਕਰਕੇ ਕਿਸਾਨ ਵਾਧੂ ਆਮਦਨ ਵੀ ਪ੍ਰਾਪਤ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਗੰਨੇ ਦੀ ਬਿਜਾਈ ਚਾਰ ਤੋਂ ਪੰਜ ਫੁੱਟ ਦੀ ਦੂਰੀ ਵਾਲੀ ਚੌੜੀ-ਡੂੰਘੀ ਖਾਲੀ ਵਿਧੀ ਨਾਲ ਕਰਨ ਨਾਲ ਨਦੀਨਾਂ ਦੀ ਰੋਕਥਾਮ, ਮਸ਼ੀਨੀ ਗੋਡੀ, ਮਿੱਟੀ ਚੜ੍ਹਾਉਣ ਅਤੇ ਹੋਰ ਖੇਤੀ ਕਾਰਜ ਆਸਾਨ ਹੋ ਜਾਂਦੇ ਹਨ। ਕਤਾਰਾਂ ਵਿੱਚ ਹਵਾ ਅਤੇ ਧੁੱਪ ਦਾ ਵਧੀਆ ਸੰਚਾਰ ਹੋਣ ਨਾਲ ਫ਼ਸਲ ਦਾ ਵਾਧਾ ਵੀ ਸੁਚੱਜਾ ਰਹਿੰਦਾ ਹੈ। ਇਸ ਵਿਧੀ ਨਾਲ ਪਾਣੀ ਦੀ ਬਚਤ, ਜੜ੍ਹਾਂ ਦੇ ਵਧੀਆ ਵਿਕਾਸ ਅਤੇ ਗੰਨੇ ਦੇ ਮਜ਼ਬੂਤ ਵਾਧੇ ਵਿੱਚ ਮਦਦ ਮਿਲਦੀ ਹੈ ਅਤੇ ਹਵਾ ਤੇ ਮੀਂਹ ਕਾਰਨ ਫ਼ਸਲ ਦੇ ਡਿੱਗਣ ਦੀ ਸੰਭਾਵਨਾ ਘਟਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਚੌੜੀ-ਡੂੰਘੀ ਖਾਲੀ ਵਿਧੀ ਨਾਲ ਹਾਰਵੈਸਟਰ ਰਾਹੀਂ ਗੰਨੇ ਦੀ ਮਕੈਨੀਕਲ ਕਟਾਈ ਵਧੇਰੇ ਸੁਚੱਜੇ ਢੰਗ ਨਾਲ ਕੀਤੀ ਜਾ ਸਕਦੀ ਹੈ। ਇੰਜੀਨੀਅਰ ਅੰਮ੍ਰਿਤਪਾਲ ਸਿੰਘ ਨੇ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।

ਮੀਟਿੰਗ ਵਿੱਚ ਹਾਜ਼ਰ ਸਰਪੰਚ ਦਲਬੀਰ ਚੰਦ ਨੇ ਗੰਨਾ ਕਾਸ਼ਤਕਾਰਾਂ ਨੂੰ ਇਲਾਕੇ ਦੀ ਸੇਮ ਦੀ ਸਮੱਸਿਆ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਖੇਤਰ ਦੀਆਂ ਸਥਿਤੀਆਂ ਨੂੰ ਮੁੱਖ ਰੱਖਦਿਆਂ ਢੁਕਵੀਆਂ ਕਿਸਮਾਂ ਅਤੇ ਕਾਸ਼ਤਕਾਰੀ ਤਕਨੀਕਾਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਗੰਨੇ ਦੀ ਖੇਤੀ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੀ ਖੇਤੀ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਗੰਨਾ ਕਾਸ਼ਤਕਾਰ ਮੱਖਣ ਸਿੰਘ ਨੇ ਚਾਰ ਫੁੱਟ ਦੀ ਦੂਰੀ ਵਾਲੀਆਂ ਕਤਾਰਾਂ ਵਿੱਚ ਕੀਤੀ ਜਾ ਰਹੀ ਗੰਨੇ ਦੀ ਕਾਸ਼ਤ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ।