ਚੰਡੀਗੜ੍ਹ (ਹਰਮਿੰਦਰ ਨਾਗਪਾਲ):- ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਮੁੜ ਵਸੇਬਾ ਕਲੋਨੀਆਂ ਅਤੇ ਹਾਊਸਿੰਗ ਬੋਰਡ ਕਲੋਨੀਆਂ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਦੇ ਐਲਾਨ ਦਾ ਸਵਾਗਤ ਕਰਦਿਆਂ ਸਾਬਕਾ ਮੇਅਰ ਕਮਲੇਸ਼ ਬਨਾਰਸੀ ਦਾਸ ਨੇ ਕਿਹਾ ਕਿ ਇਸ ਅਹਿਮ ਪ੍ਰਾਪਤੀ ਦਾ ਪੂਰਾ ਸਿਹਰਾ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਦੇ ਲਗਾਤਾਰ ਸੰਘਰਸ਼ ਨੂੰ ਸਫਲਤਾ ਮਿਲੀ ਹੈ ਅਤੇ ਚੰਡੀਗੜ੍ਹ ਦੇ ਵਸਨੀਕਾਂ ਨੇ ਆਪਣੇ ਸੰਸਦ ਮੈਂਬਰ ਦਾ ਦਿਲੋਂ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਮਨੀਸ਼ ਤਿਵਾੜੀ ਨੇ ਲਗਾਤਾਰ ਸੰਸਦ ਵਿੱਚ ਇਹ ਮੁੱਦਾ ਉਠਾ ਕੇ ਚੰਡੀਗੜ੍ਹ ਦੇ ਲੋਕਾਂ ਦੀ ਸਾਲਾਂ ਪੁਰਾਣੀ ਮੰਗ ਕੇਂਦਰ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਈ। ਉਨ੍ਹਾਂ ਹਜ਼ਾਰਾਂ ਪਰਿਵਾਰਾਂ ਦੇ ਮਾਲਕੀ ਹੱਕਾਂ ਦੀ ਲੜਾਈ ਪੂਰੀ ਮਜ਼ਬੂਤੀ ਨਾਲ ਲੜੀ ਅਤੇ ਅੱਜ ਉਨ੍ਹਾਂ ਦੇ ਸੰਘਰਸ਼ ਨੂੰ ਸਫਲਤਾ ਮਿਲੀ ਹੈ।
ਕਮਲੇਸ਼ ਬਨਾਰਸੀ ਦਾਸ ਨੇ ਕਿਹਾ ਕਿ ਇਹ ਨਗਰ ਨਿਗਮ ਦਾ ਐਲਾਨ ਨਹੀਂ, ਸਗੋਂ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਲਿਆ ਗਿਆ ਫੈਸਲਾ ਹੈ। ਇਸ ਫੈਸਲੇ ਪਿੱਛੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਲਗਾਤਾਰ ਯਤਨ ਅਤੇ ਲੋਕਾਂ ਦੇ ਹੱਕਾਂ ਲਈ ਉਨ੍ਹਾਂ ਦਾ ਸੰਘਰਸ਼ ਹੈ। ਇਸ ਲਈ ਇਸ ਪ੍ਰਾਪਤੀ ਦਾ ਸਿਹਰਾ ਕਿਸੇ ਹੋਰ ਨੂੰ ਦੇਣ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ। ਚੰਡੀਗੜ੍ਹ ਦੇ ਲੋਕ ਜਾਣਦੇ ਹਨ ਕਿ ਇਹ ਮੁੱਦਾ ਸੰਸਦ ਵਿੱਚ ਲਗਾਤਾਰ ਕਿਸ ਨੇ ਉਠਾਇਆ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਵਸਨੀਕ ਆਪਣੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਦਿਲੋਂ ਧੰਨਵਾਦ ਕਰਦੇ ਹਨ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹਨ।
ਕਮਲੇਸ਼ ਬਨਾਰਸੀ ਦਾਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੁਣ ਇਸ ਐਲਾਨ ਨੂੰ ਜਲਦੀ ਤੋਂ ਜਲਦੀ ਅਮਲੀ ਰੂਪ ਦਿੱਤਾ ਜਾਵੇ। ਹਾਊਸਿੰਗ ਬੋਰਡ ਦੇ ਨਾਲ-ਨਾਲ ਅਸਟੇਟ ਦਫ਼ਤਰ ਵੀ ਬਿਨਾਂ ਦੇਰੀ ਲੋੜੀਂਦੇ ਹੁਕਮ ਜਾਰੀ ਕਰੇ, ਤਾਂ ਜੋ ਮੁੜ ਵਸੇਬਾ ਕਲੋਨੀਆਂ ਅਤੇ ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਰਹਿਣ ਵਾਲੇ ਯੋਗ ਪਰਿਵਾਰਾਂ ਨੂੰ ਆਪਣੇ ਘਰਾਂ ਦਾ ਕਾਨੂੰਨੀ ਮਾਲਕੀ ਹੱਕ ਮਿਲ ਸਕੇ। ਉਨ੍ਹਾਂ ਕਲੋਨੀ ਵਾਸੀਆਂ ਵੱਲੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਧੰਨਵਾਦ ਵੀ ਕੀਤਾ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮਕਾਨਾਂ ਦੀ ਕੀਮਤ ਪਹਿਲਾਂ ਤੋਂ ਨਿਰਧਾਰਤ ਪੁਰਾਣੀਆਂ ਦਰਾਂ ਦੇ ਆਧਾਰ ’ਤੇ ਤੈਅ ਕੀਤੀ ਜਾਵੇ, ਨਾ ਕਿ ਮੌਜੂਦਾ ਬਾਜ਼ਾਰ ਦਰਾਂ ਅਨੁਸਾਰ। ਜਿਨ੍ਹਾਂ ਲੋਕਾਂ ਨੇ ਮਕਾਨਾਂ ਦੀ ਨਿਰਧਾਰਤ ਕੀਮਤ ਪੂਰੀ ਜਮ੍ਹਾਂ ਕਰਵਾ ਦਿੱਤੀ ਹੈ ਅਤੇ ਜਿਹੜੇ ਜਨਰਲ ਪਾਵਰ ਆਫ਼ ਅਟਾਰਨੀ (ਜੀਪੀਏ) ਰਾਹੀਂ ਮਕਾਨਾਂ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਵੀ ਨਿਯਮਾਂ ਅਨੁਸਾਰ ਮਾਲਕੀ ਹੱਕ ਦਿੱਤੇ ਜਾਣ।
ਅੰਤ ਵਿੱਚ ਕਮਲੇਸ਼ ਬਨਾਰਸੀ ਦਾਸ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕ ਸਾਲਾਂ ਤੋਂ ਆਪਣੇ ਹੀ ਘਰਾਂ ਦੇ ਮਾਲਕੀ ਹੱਕ ਲਈ ਸੰਘਰਸ਼ ਕਰ ਰਹੇ ਹਨ। ਹੁਣ ਸਮਾਂ ਆ ਗਿਆ ਹੈ ਕਿ ਇਸ ਐਲਾਨ ਨੂੰ ਜਲਦੀ ਲਾਗੂ ਕਰਕੇ ਹਜ਼ਾਰਾਂ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦਾ ਕਾਨੂੰਨੀ ਮਾਲਕ ਬਣਾਇਆ ਜਾਵੇ। ਇਸ ਦਿਸ਼ਾ ਵਿੱਚ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਯਤਨ ਸ਼ਲਾਘਾਯੋਗ ਹਨ ਅਤੇ ਚੰਡੀਗੜ੍ਹ ਦੇ ਲੋਕ ਉਨ੍ਹਾਂ ਦੇ ਧੰਨਵਾਦੀ ਹਨ।
ਕਮਲੇਸ਼ ਬਨਾਰਸੀ ਦਾਸ
ਸਾਬਕਾ ਮੇਅਰ, ਚੰਡੀਗੜ੍ਹ
