ਗੜ੍ਹਸ਼ੰਕਰ, 5 ਅਕਤੂਬਰ (ਹਰੀ ਕ੍ਰਿਸ਼ਨ ਗੰਗੜ):- ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਦੀ ਐੱਨ.ਸੀ.ਸੀ. ਇਕਾਈ ਵੱਲੋਂ ਦੇਸ਼ ਵਿਆਪੀ ਸਫ਼ਾਈ ਮੁਹਿੰਮ ਤਹਿਤ ‘ਇੱਕ ਘੰਟਾ, ਇੱਕ ਸਾਥ’ ਸਮੂਹਿਕ ਸਫ਼ਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਅਰਾਧਨਾ ਦੁੱਗਲ ਨੇ ਵਿਦਿਆਰਥੀਆਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਲੇ-ਦੁਆਲੇ ਦੀ ਸਫ਼ਾਈ ਸਬੰਧੀ ਲੋਕ ਜਾਗਰੂਕਤਾ ਪੈਦਾ ਕਰਨ ਵਿੱਚ ਵਿਦਿਆਰਥੀ ਵਰਗ ਵੱਡੀ ਭੂਮਿਕਾ ਨਿਭਾ ਸਕਦਾ ਹੈ। ਇਸ ਮੌਕੇ ਐੱਨ.ਸੀ.ਸੀ. ਅਫ਼ਸਰ ਲੈਫਟੀਨੈਂਟ (ਡਾ.) ਦੀਪਕ ਦੀ ਅਗਵਾਈ ਹੇਠ ਐੱਨ.ਸੀ.ਸੀ. ਕੈਡੇਟਾਂ ਨੇ ਰਾਸ਼ਟਰ ਪਿਤਾ ਦੇ ‘ਸਵੱਛ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਸੰਕਲਪ ਲੈਂਦਿਆਂ ਕਾਲਜ ਕੈਂਪਸ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ। ਇਸ ਨੇਕ ਕਾਰਜ ਵਿੱਚ 8 ਪੰਜਾਬ ਬਟਾਲੀਅਨ, ਫਗਵਾੜਾ ਦੇ ਕਮਾਂਡਿੰਗ ਅਫ਼ਸਰ ਕਰਨਲ ਅਜੇ ਲੂੰਬਾ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ। ਹਵਾਲਦਾਰ ਮਨਜੀਤ ਕੁਮਾਰ ਨੇ ਵੀ ਆਪਣਾ ਸਰਗਰਮ ਯੋਗਦਾਨ ਪਾਇਆ ਅਤੇ ਕੈਡੇਟਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਕੈਡੇਟਾਂ ਨੂੰ ਸੰਬੋਧਨ ਕਰਦਿਆਂ ਲੈਫਟੀਨੈਂਟ (ਡਾ.) ਦੀਪਕ ਨੇ ਸਫ਼ਾਈ ਦੇ ਨੈਤਿਕ ਅਤੇ ਵਿਵਹਾਰਕ ਮਹੱਤਵ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਫ਼ਾਈ ਸਿਰਫ਼ ਸਾਡੇ ਆਲੇ-ਦੁਆਲੇ ਤੱਕ ਹੀ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਇਸ ਨੂੰ ਸਾਨੂੰ ਆਪਣੇ ਜੀਵਨ ਦੇ ਹਰ ਖੇਤਰ ਵਿੱਚ ਇੱਕ ਸੰਸਕਾਰ ਵਜੋਂ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਿਰੰਤਰ ਦੇਸ਼ ਨਿਰਮਾਣ ਅਤੇ ਸਮਾਜਿਕ ਸੁਧਾਰ ਦੇ ਕਾਰਜਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੀ ਪ੍ਰੇਰਨਾ ਦਿੱਤੀ।
ਕੈਪਸ਼ਨ- ਖ਼ਾਲਸਾ ਕਾਲਜ ਮਾਹਿਲਪੁਰ ਵਿੱਚ ਸਫਾਈ ਮੁਹਿੰਮ ਮੌਕੇ ਹਾਜ਼ਰ ਐਨ ਸੀ ਸੀ ਦੇ ਕੈਡਿਟਸ।
