ਗੜ੍ਹਸ਼ੰਕਰ, 22 ਨਵੰਬਰ (ਹਰੀ ਕ੍ਰਿਸ਼ਨ ਗੰਗੜ):- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵੱਲੋਂ 17 ਤੋਂ 21 ਨਵੰਬਰ ਤੱਕ ਕਰਵਾਇਆ ਗਿਆ 17ਵਾਂ ਫੁੱਟਬਾਲ ਟੂਰਨਾਮੈਂਟ ਅਤੇ ਇੰਟਰਸਟੇਟ ਅਥਲੈਟਿਕ ਮੀਟ ਓਲੰਪੀਅਨ ਸ. ਜਰਨੈਲ ਸਿੰਘ ਸਟੇਡੀਅਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੇ ਮੈਦਾਨ ਵਿੱਚ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ। ਕਲੱਬ ਦੇ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਾਗਮ ਸਮੂਹ ਐਨਆਰਆਈਜ਼ ਦੇ ਸਹਿਯੋਗ ਨਾਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ 17 ਤੋਂ 21 ਨਵੰਬਰ ਤੱਕ ਚੱਲੇ ਇਸ ਟੂਰਨਾਮੈਂਟ ਵਿੱਚ ਪਿੰਡ ਪੱਧਰ ਦੀਆਂ ਫੁੱਟਬਾਲ ਟੀਮਾਂ ਦੇ ਮੁਕਾਬਲੇ, ਫੁੱਟਬਾਲ ਅਕੈਡਮੀਆਂ ਦੇ ਮੁਕਾਬਲੇ, ਲੜਕਿਆਂ ਅਤੇ ਲੜਕੀਆਂ ਦੇ ਅਥਲੈਟਿਕ ਮੁਕਾਬਲੇ ਅਤੇ ਲੰਬੀ ਛਾਲ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਸਕੂਲ ਪੱਧਰ ਦੀਆਂ ਲੜਕੀਆਂ ਦੇ ਰੱਸਾਕਸ਼ੀ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਟੀਮਾਂ ਨੂੰ ਸ਼ਾਨਦਾਰ ਇਨਾਮਾਂ ਨਾਲ ਨਿਵਾਜਿਆ ਗਿਆ।

ਫੁੱਟਬਾਲ ਮੁਕਾਬਲੇ ਵਿੱਚ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੀ ਟੀਮ ਨੇ ਮਾਹਿਲਪੁਰ ਦੀ ਟੀਮ ਨੂੰ 5-0 ਨਾਲ ਹਰਾ ਕੇ ਟਰਾਫੀ ’ਤੇ ਕਬਜ਼ਾ ਕੀਤਾ।

ਇਸ ਦਿਨ ਇਨਾਮਾਂ ਦੀ ਵੰਡ ਲਈ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ ਪਹੁੰਚਣਾ ਸੀ, ਪਰ ਕੁਝ ਰੁਝੇਵਿਆਂ ਕਾਰਨ ਉਹ ਨਹੀਂ ਆ ਸਕੇ। ਉਨ੍ਹਾਂ ਦੀ ਥਾਂ ਹਲਕਾ ਗੜ੍ਹਸ਼ੰਕਰ ਦੇ ਯੂਥ ਵਿੰਗ ਦੇ ਪ੍ਰਧਾਨ ਪ੍ਰਿੰਸ ਚੌਧਰੀ ਨੇ ਕੁਝ ਇਨਾਮਾਂ ਦੀ ਵੰਡ ਕੀਤੀ। ਇਸ ਉਪਰੰਤ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।

ਇਸ ਮੌਕੇ ਕਲੱਬ ਦੇ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ, ਤੀਰਥ ਸਿੰਘ ਰੱਤੂ, ਸਤਨਾਮ ਸਿੰਘ ਪਾਰੋਵਾਲ, ਅਵਤਾਰ ਸਿੰਘ ਸੀਹਰਾ, ਰਜਿੰਦਰ ਸ਼ਬਲਾ, ਸੁਨੀਲ ਕੁਮਾਰ ਗੋਲਡੀ, ਕਮਲਜੀਤ ਬੈਂਸ, ਰਮਨ ਬੰਗਾ, ਸ਼ਲਿੰਦਰ ਰਾਣਾ, ਇੰਦਰ ਕੁਮਾਰ, ਕੇਵਲ ਸਿੰਘ ਭੱਜਲ, ਲਖਵਿੰਦਰ ਸਿੰਘ ਅਤੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਪੰਮਾ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।