ਪਟਿਆਲਾ (ਮਨਪ੍ਰੀਤ ਸਿੰਘ):- ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਜ਼ਿਲ੍ਹਾ ਪਟਿਆਲਾ ਇਕਾਈ ਦਾ ਡੈਲੀਗੇਟ ਇਜਲਾਸ ਗੁਰਦੁਆਰਾ ਗਾਜੇਵਾਸ, ਪਟਿਆਲਾ ਵਿਖੇ ਹੋਇਆ। ਇਸ ਵਿੱਚ ਸਾਰੇ ਬਲਾਕਾਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਦੇ ਨਾਲ-ਨਾਲ ਬਲਾਕਾਂ ਵਿੱਚੋਂ ਚੁਣੇ ਗਏ 62 ਡੈਲੀਗੇਟਾਂ (ਹਰ 125 ਮੈਂਬਰਾਂ ਪਿੱਛੇ ਇੱਕ ਡੈਲੀਗੇਟ) ਨੇ ਚੋਣ ਵਿੱਚ ਹਿੱਸਾ ਲਿਆ। ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਅਤੇ ਪ੍ਰੈੱਸ ਸਕੱਤਰ ਜਗਤਾਰ ਸਿੰਘ ਕਾਲਾ ਝਾੜ ਨਿਗਰਾਨ ਵਜੋਂ ਇਜਲਾਸ ਵਿੱਚ ਸ਼ਾਮਲ ਹੋਏ।
ਜ਼ਿਲ੍ਹਾ ਡੈਲੀਗੇਟਾਂ ਵੱਲੋਂ ਸਰਬਸੰਮਤੀ ਨਾਲ 10 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਚੋਣ ਤੋਂ ਪਹਿਲਾਂ ਸੂਬਾ ਆਗੂਆਂ ਨੇ ਜਥੇਬੰਦੀ ਦੇ ਪੁਰਾਣੇ ਇਤਿਹਾਸ, ਵੱਖ-ਵੱਖ ਸਮਿਆਂ ਦੌਰਾਨ ਹੋਏ ਵੱਡੇ ਜ਼ਮੀਨੀ ਅੰਦੋਲਨਾਂ ਵਿੱਚ ਜਥੇਬੰਦੀ ਦੇ ਯੋਗਦਾਨ, ਕਰਜ਼ਾ-ਕੁਰਕੀ ਵਿਰੁੱਧ ਘੋਲ, ਫ਼ਸਲਾਂ ਦੇ ਨੁਕਸਾਨ ਅਤੇ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੇ ਸੰਘਰਸ਼ ਅਤੇ ਜਥੇਬੰਦੀ ਦੇ ਵਿਧਾਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।
ਜ਼ਿਲ੍ਹਾ ਸਕੱਤਰ ਨੇ ਇਜਲਾਸ ਅੱਗੇ ਜ਼ਿਲ੍ਹੇ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ। ਜ਼ਿਲ੍ਹਾ ਖ਼ਜ਼ਾਨਚੀ ਨੇ ਪਿਛਲੇ ਸਮੇਂ ਦੌਰਾਨ ਜ਼ਿਲ੍ਹੇ ਵਿੱਚੋਂ ਇਕੱਠੇ ਹੋਏ ਫੰਡਾਂ ਅਤੇ ਆਮਦਨ-ਖ਼ਰਚ ਦਾ ਵਿਸਥਾਰਪੂਰਵਕ ਵੇਰਵਾ ਦਿੱਤਾ। ਕਾਰਗੁਜ਼ਾਰੀ ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਸਰਬਸੰਮਤੀ ਨਾਲ ਜਗਦੀਪ ਸਿੰਘ ਛੰਨਾ ਨੂੰ ਜ਼ਿਲ੍ਹਾ ਪ੍ਰਧਾਨ, ਬਲਰਾਜ ਸਿੰਘ ਜੋਸ਼ੀ ਨੂੰ ਸੀਨੀਅਰ ਮੀਤ ਪ੍ਰਧਾਨ, ਸੁਖਮਿੰਦਰ ਸਿੰਘ ਬਾਰਨ ਨੂੰ ਜ਼ਿਲ੍ਹਾ ਜਨਰਲ ਸਕੱਤਰ, ਮਨਦੀਪ ਕੌਰ ਬਾਰਨ ਨੂੰ ਮੀਤ ਪ੍ਰਧਾਨ, ਜਗਮੇਲ ਸਿੰਘ ਗਾਜੇਵਾਸ ਨੂੰ ਜ਼ਿਲ੍ਹਾ ਖ਼ਜ਼ਾਨਚੀ ਅਤੇ ਹਰਦੇਵ ਸਿੰਘ ਘੱਗਾ ਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ। ਰਾਜਿੰਦਰ ਸਿੰਘ ਨੂੰ ਮੈਂਬਰ ਅਤੇ ਬਲਮ ਸਿੰਘ ਨਿਆਲ ਨੂੰ ਸਲਾਹਕਾਰ ਚੁਣਿਆ ਗਿਆ। ਹਰਦੀਪ ਸਿੰਘ ਡਰੌਲੀ ਅਤੇ ਲਾਭ ਸਿੰਘ ਬਰਾਸ ਨੂੰ ਵੀ ਕਮੇਟੀ ਵਿੱਚ ਚੁਣਿਆ ਗਿਆ।
ਸੂਬਾ ਇਜਲਾਸ ਲਈ 22 ਮੈਂਬਰੀ ਸੂਬਾ ਡੈਲੀਗੇਟ ਟੀਮ ਦੀ ਵੀ ਚੋਣ ਕੀਤੀ ਗਈ। ਅੰਤ ਵਿੱਚ ਨਵੀਂ ਚੁਣੀ ਗਈ ਜ਼ਿਲ੍ਹਾ ਕਮੇਟੀ ਨੇ ਡੈਲੀਗੇਟਾਂ ਵੱਲੋਂ ਕਮੇਟੀ ਵਿੱਚ ਪ੍ਰਗਟਾਏ ਵਿਸ਼ਵਾਸ ਲਈ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਦਾ ਅਹਿਦ ਲਿਆ।
