ਮੋਹਾਲੀ, 4 ਨਵੰਬਰ:- ਇੱਕ ਵਾਰ ਫਿਰ ਆਪਣੀ ਖੇਡ ਦਾ ਲੋਹਾ ਮਨਵਾਉਂਦਿਆਂ ਭਾਰਤ ਨੇ ਅੱਜ ਦੱਖਣੀ ਕੋਰੀਆ ਨੂੰ 8-1 ਨਾਲ ਹਰਾ ਕੇ ਸੈਮੀਫਾਈਨਲ ਦੇ ਇੱਕਪਾਸੜ ਮੁਕਾਬਲੇ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ। ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਟੀਮ ਇੰਡੀਆ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਮਾਣਮੱਤਾ ਗਵਾਹ ਬਣਿਆ।
ਇਹ ਪਹਿਲੀ ਵਾਰ ਸੀ ਜਦੋਂ ਇਸ ਸਟੇਡੀਅਮ ਨੇ ਕਿਸੇ ਅੰਤਰਰਾਸ਼ਟਰੀ ਮੈਚ ਦੀ ਮੇਜ਼ਬਾਨੀ ਕੀਤੀ ਅਤੇ ਆਲਮੀ ਖੇਡ ਨਕਸ਼ੇ 'ਤੇ ਆਪਣੀ ਸ਼ਾਨਾਮੱਤੀ ਸ਼ੁਰੂਆਤ ਕਰਨ ਦਾ ਮਾਣ ਹਾਸਲ ਕੀਤਾ। ਇਸ ਮੌਕੇ ਹਾਜ਼ਰ ਪਤਵੰਤਿਆਂ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਵਿਸ਼ਵ ਕੱਪ ਜੇਤੂ ਹਾਕੀ ਕਪਤਾਨ ਅਜੀਤਪਾਲ ਸਿੰਘ, ਅਸਲਮ ਸ਼ੇਰ ਖਾਨ, ਜ਼ਫਰ ਇਕਬਾਲ, ਓਲੰਪੀਅਨ ਬਲਬੀਰ ਸਿੰਘ ਰੰਧਾਵਾ, ਰਾਜਿੰਦਰ ਸਿੰਘ ਸੀਨੀਅਰ, ਰਾਣੀ ਰਾਮਪਾਲ, ਸਰਦਾਰ ਸਿੰਘ, ਬਲਜੀਤ ਸਿੰਘ ਢਿੱਲੋਂ, ਰਾਜਪਾਲ ਸਿੰਘ, ਪ੍ਰਭਜੋਤ ਸਿੰਘ, ਦੀਪਕ ਠਾਕੁਰ ਅਤੇ ਮਹਾਨ ਹਾਕੀ ਖਿਡਾਰੀ ਸਵਰਗੀ ਬਲਬੀਰ ਸਿੰਘ ਸੀਨੀਅਰ ਦੇ ਦੋਹਤੇ ਕਬੀਰ ਸਿੰਘ ਸ਼ਾਮਲ ਸਨ।
ਹੁਣ ਭਾਰਤ 5 ਨਵੰਬਰ ਨੂੰ ਇਸੇ ਸਥਾਨ 'ਤੇ ਹੋਣ ਵਾਲੇ ਫਾਈਨਲ ਮੁਕਾਬਲੇ ਵਿੱਚ ਜਾਪਾਨ ਨਾਲ ਭਿੜੇਗਾ। ਸ਼ਿਲਾਨੰਦ ਲਾਕੜਾ ਨੇ ਚੌਥੇ ਮਿੰਟ ਵਿੱਚ ਸ਼ਾਨਦਾਰ ਫੀਲਡ ਗੋਲ ਕਰਕੇ ਭਾਰਤ ਦਾ ਖਾਤਾ ਖੋਲ੍ਹਿਆ। ਪਰ ਕੋਰੀਆਈ ਖਿਡਾਰੀਆਂ ਨੇ ਜ਼ਿਆਦਾ ਸਮਾਂ ਨਾ ਗਵਾਉਂਦਿਆਂ ਨੌਵੇਂ ਮਿੰਟ ਵਿੱਚ ਸੰਜੁਨ ਹਾਨ ਦੇ ਫੀਲਡ ਗੋਲ ਨਾਲ ਬਰਾਬਰੀ ਕਰ ਲਈ। ਇਸ ਤੋਂ ਬਾਅਦ ਭਾਰਤੀ ਖਿਡਾਰੀਆਂ ਵੱਲੋਂ ਗੋਲਾਂ ਦੀ ਵਾਛੜ ਕਰ ਦਿੱਤੀ ਗਈ। ਕਪਤਾਨ ਹਰਮਨਪ੍ਰੀਤ ਸਿੰਘ ਨੇ ਨੌਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਸ਼ਿਲਾਨੰਦ ਲਾਕੜਾ ਨੇ ਵੀ 13ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ। ਸੁਖਜੀਤ ਸਿੰਘ ਅਤੇ ਦਿਲਪ੍ਰੀਤ ਸਿੰਘ ਨੇ 21ਵੇਂ ਮਿੰਟ ਵਿੱਚ ਫੀਲਡ ਗੋਲ ਕੀਤੇ। ਇਸ ਤੋਂ ਸਿਰਫ਼ ਚਾਰ ਮਿੰਟ ਬਾਅਦ, 25ਵੇਂ ਮਿੰਟ ਵਿੱਚ ਦਿਲਪ੍ਰੀਤ ਸਿੰਘ ਨੇ ਮੁੜ ਫੀਲਡ ਗੋਲ ਕਰਕੇ ਸਕੋਰ 6-1 ਕਰ ਦਿੱਤਾ। ਫਿਰ 36ਵੇਂ ਮਿੰਟ ਵਿੱਚ ਅੰਗਦ ਬੀਰ ਸਿੰਘ ਨੇ ਫੀਲਡ ਗੋਲ ਕਰਕੇ ਸਕੋਰ 7-1 'ਤੇ ਪਹੁੰਚਾ ਦਿੱਤਾ। 54ਵੇਂ ਮਿੰਟ ਵਿੱਚ ਵਿਵੇਕ ਸਾਗਰ ਪ੍ਰਸਾਦ ਨੇ ਭਾਰਤ ਦਾ ਅੱਠਵਾਂ ਫੀਲਡ ਗੋਲ ਕਰਕੇ ਸਕੋਰ 8-1 ਕਰ ਦਿੱਤਾ।
ਇੱਕ ਹੋਰ ਦਿਲਚਸਪ ਸੈਮੀਫਾਈਨਲ ਵਿੱਚ ਜਾਪਾਨ ਅਤੇ ਮਲੇਸ਼ੀਆ ਦੋਵਾਂ ਟੀਮਾਂ ਨੇ ਬਹੁਤ ਸੋਹਣੀ ਖੇਡ ਦਾ ਮੁਜ਼ਾਹਰਾ ਕੀਤਾ, ਪਰ ਨਿਰਧਾਰਤ ਸਮੇਂ ਦੌਰਾਨ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਅਖੀਰ ਵਿੱਚ ਪੈਨਲਟੀ ਸ਼ੂਟਆਊਟ ਰਾਹੀਂ ਜਾਪਾਨ ਨੇ ਮਲੇਸ਼ੀਆ ਨੂੰ 5-3 ਨਾਲ ਹਰਾ ਦਿੱਤਾ।
ਜਾਪਾਨ ਲਈ ਕਾਜ਼ੂਮਾਸਾ ਮਾਤਸੁਮੋਟੋ, ਰਯੋਮਾ ਓਓਕਾ, ਸੁਬਾਸਾ ਤਨਾਕਾ, ਹਾਰੂਕੀ ਓਚਾਈ ਅਤੇ ਸੇਰੇਨ ਤਨਾਕਾ ਨੇ ਗੋਲ ਕੀਤੇ। ਮਲੇਸ਼ੀਆ ਲਈ ਏਮਾਨ ਰੋਜ਼ੇਮੀ, ਸ਼ੈਲੋ ਸਿਲਵਰੀਅਸ ਅਤੇ ਅਬੂ ਕਮਾਲ ਅਜ਼ਰਾਈ ਨੇ ਗੋਲ ਕੀਤੇ। ਇਸ ਤੋਂ ਪਹਿਲਾਂ ਚੀਨ ਨੇ ਬੰਗਲਾਦੇਸ਼ ਨੂੰ 3-1 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ ਸੀ। ਚੀਨ ਲਈ ਯੂਲਾਈ ਝਾਓ ਨੇ 10ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਸਕੋਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਯਾਕੀ ਵਾਂਗ ਨੇ 18ਵੇਂ ਮਿੰਟ ਵਿੱਚ ਫੀਲਡ ਗੋਲ ਕੀਤਾ ਅਤੇ ਚੀਨੀ ਕਪਤਾਨ ਚੋਂਗਕੋਂਗ ਚੇਨ ਨੇ 22ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ਰਾਹੀਂ ਗੇਂਦ ਵਿਰੋਧੀ ਟੀਮ ਦੀ ਗੋਲ ਪੋਸਟ ਵਿੱਚ ਪਹੁੰਚਾ ਦਿੱਤੀ। ਬੰਗਲਾਦੇਸ਼ ਲਈ ਇੱਕੋ-ਇੱਕ ਗੋਲ 48ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਹੋਇਆ, ਜੋ ਸ਼ੋਹਾਨੂਰ ਮੁਹੰਮਦ ਰਹਿਮਾਨ ਵੱਲੋਂ ਕੀਤਾ ਗਿਆ।
