ਹੁਸ਼ਿਆਰਪੁਰ / ਦਲਜੀਤ ਅਜਨੋਹਾ


ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਐਚਸੀ ਬੀਨੇਵਾਲ ਵਿੱਚ ਐਸਐਮਓ ਡਾ. ਨਿਰਮਲ ਕੁਮਾਰ ਦੀ ਅਗਵਾਈ ਹੇਠ ਮਰੀਜ਼ਾਂ ਨੂੰ ਹੱਥ ਧੋਣ ਦੇ ਸਹੀ ਤਰੀਕੇ ਅਤੇ ਇਸਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ।


ਇਸ ਮੌਕੇ 'ਤੇ ਸਿਹਤ ਵਿਭਾਗ ਦੇ ਸਟਾਫ ਨੇ ਮਰੀਜ਼ਾਂ ਨੂੰ ਦੱਸਿਆ ਕਿ ਹੱਥਾਂ ਦੀ ਸਫਾਈ ਤੰਦਰੁਸਤ ਜੀਵਨ ਲਈ ਬਹੁਤ ਜ਼ਰੂਰੀ ਹੈ। ਸਾਬਣ ਅਤੇ ਸਾਫ਼ ਪਾਣੀ ਨਾਲ ਸਹੀ ਤਰੀਕੇ ਨਾਲ ਹੱਥ ਧੋਣ ਦੀ ਆਦਤ ਅਪਣਾਉਣ ਨਾਲ ਦਸਤ, ਪੇਟ ਸਬੰਧੀ ਬਿਮਾਰੀਆਂ ਅਤੇ ਕਈ ਹੋਰ ਕਿਸਮ ਦੀਆਂ ਲਾਗਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ।


ਮਰੀਜ਼ਾਂ ਨੂੰ ਭੋਜਨ ਕਰਨ ਤੋਂ ਪਹਿਲਾਂ, ਪਖਾਨੇ ਦੀ ਵਰਤੋਂ ਕਰਨ ਤੋਂ ਬਾਅਦ, ਖਾਣਾ ਤਿਆਰ ਕਰਨ ਤੋਂ ਪਹਿਲਾਂ ਅਤੇ ਖੰਘਣ ਜਾਂ ਛਿੱਕਣ ਤੋਂ ਬਾਅਦ ਚੰਗੀ ਤਰ੍ਹਾਂ ਹੱਥ ਧੋਣ ਦੀ ਸਲਾਹ ਦਿੱਤੀ ਗਈ। ਇਸ ਦੇ ਨਾਲ ਹੀ ਹਥੇਲੀਆਂ, ਹੱਥਾਂ ਦੇ ਪਿਛਲੇ ਹਿੱਸੇ, ਉਂਗਲਾਂ ਦੇ ਵਿਚਕਾਰ, ਅੰਗੂਠਿਆਂ ਅਤੇ ਨਹੁੰਆਂ ਦੀ ਸਫਾਈ 'ਤੇ ਵਿਸ਼ੇਸ਼ ਧਿਆਨ ਦੇਣ ਬਾਰੇ ਵੀ ਜਾਣਕਾਰੀ ਦਿੱਤੀ ਗਈ।


ਸਿਹਤ ਵਿਭਾਗ ਦੇ ਸਟਾਫ ਨੇ ਕਿਹਾ ਕਿ ਹੱਥ ਧੋਣ ਦੀ ਸਹੀ ਆਦਤ ਅਪਣਾ ਕੇ ਬਿਮਾਰੀਆਂ ਦੇ ਫੈਲਾਅ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਨਾਲ ਨਾ ਸਿਰਫ਼ ਆਪਣੀ ਸਿਹਤ ਦੀ ਰੱਖਿਆ ਹੁੰਦੀ ਹੈ, ਸਗੋਂ ਪਰਿਵਾਰ ਅਤੇ ਸਮਾਜ ਨੂੰ ਵੀ ਤੰਦਰੁਸਤ ਰੱਖਣ ਵਿੱਚ ਮਦਦ ਮਿਲਦੀ ਹੈ।


ਇਸ ਜਾਗਰੂਕਤਾ ਗਤੀਵਿਧੀ ਦਾ ਮੁੱਖ ਉਦੇਸ਼ ਲੋਕਾਂ ਨੂੰ ਸਫਾਈ ਦੀਆਂ ਚੰਗੀਆਂ ਆਦਤਾਂ ਅਪਣਾਉਣ ਅਤੇ ਰੋਜ਼ਾਨਾ ਜੀਵਨ ਵਿੱਚ ਹੱਥਾਂ ਦੀ ਸਫਾਈ ਨੂੰ ਤਰਜੀਹ ਦੇਣ ਲਈ ਪ੍ਰੇਰਿਤ ਕਰਨਾ ਸੀ।