ਪਟਿਆਲਾ (ਮਨਪ੍ਰੀਤ ਸਿੰਘ):- ਇਫਟੂ ਦੇ ਸੂਬਾ ਆਗੂ ਸ੍ਰੀ ਨਾਥ ਨੇ 12 ਨਵੰਬਰ, 2026 ਨੂੰ ਪ੍ਰੈੱਸ ਦੇ ਨਾਮ ਜਾਰੀ ਬਿਆਨ ਵਿੱਚ ਕਿਹਾ ਕਿ 29 ਸਤੰਬਰ, 2026 ਤੋਂ ਸੁਰਿੰਦਰਾ ਗੈਸ ਸਰਵਿਸ ਦੇ ਮਾਲਕ ਵੱਲੋਂ ਸਰਵਿਸ ਅਧੀਨ ਪਿਛਲੇ 20–25 ਸਾਲਾਂ ਤੋਂ ਲਗਾਤਾਰ ਪੱਕੇ ਤੌਰ 'ਤੇ ਕੰਮ ਕਰ ਰਹੇ 22 ਵਰਕਰਾਂ ਨੂੰ ਜ਼ੁਬਾਨੀ ਤੌਰ 'ਤੇ ਧੱਕੇ ਨਾਲ ਕੰਮ ਤੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਰਕਰਾਂ ਨੂੰ ਕਾਨੂੰਨ ਤਹਿਤ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ, ਤਨਖਾਹ, ਪੀ.ਐਫ. ਅਤੇ ਈ.ਐਸ.ਆਈ. ਸਮੇਤ ਹੋਰ ਲਾਭਾਂ ਤੋਂ ਵੀ ਵਾਂਝਾ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਵਰਕਰਾਂ ਦੀ ਬਹਾਲੀ ਕਰਵਾਉਣ ਲਈ ਸਹਾਇਕ ਕਿਰਤ ਭਲਾਈ ਅਫ਼ਸਰ ਨੂੰ ਲਿਖਤੀ ਤੌਰ 'ਤੇ ਮਿਲ ਕੇ ਬੇਨਤੀ ਕੀਤੀ ਗਈ ਸੀ। ਇਸ ਤੋਂ ਇਲਾਵਾ ਫੂਡ ਸਪਲਾਈ ਅਫ਼ਸਰ, ਪੁਲਿਸ ਪ੍ਰਸ਼ਾਸਨ ਦੇ ਐਸ.ਐਸ.ਪੀ. ਸਾਹਿਬ ਅਤੇ ਏ.ਡੀ.ਸੀ. ਪਟਿਆਲਾ ਨੂੰ ਵੀ ਲਿਖਤੀ ਪੱਤਰ ਦੇ ਕੇ ਅਤੇ ਵਾਰ-ਵਾਰ ਮਿਲ ਕੇ ਕੱਢੇ ਗਏ ਵਰਕਰਾਂ ਦੀ ਬਹਾਲੀ ਕਰਵਾਉਣ ਦੀ ਮੰਗ ਕੀਤੀ ਗਈ। ਇਸ ਦੇ ਬਾਵਜੂਦ ਸੁਰਿੰਦਰਾ ਗੈਸ ਸਰਵਿਸ ਦੇ ਮਾਲਕਾਂ ਨੇ ਨਾ ਤਾਂ ਪੁਲਿਸ ਪ੍ਰਸ਼ਾਸਨ ਦੀ ਅਤੇ ਨਾ ਹੀ ਕਿਰਤ ਭਲਾਈ ਅਫ਼ਸਰ ਦੀ ਕੋਈ ਪ੍ਰਵਾਹ ਕੀਤੀ। ਇਸ ਕਾਰਨ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋ ਗਈ।
ਇਸੇ ਤਹਿਤ 12 ਨਵੰਬਰ, 2026 ਤੋਂ ਸੁਰਿੰਦਰਾ ਗੈਸ ਸਰਵਿਸ ਦੇ ਸਟੋਰ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ ਹੈ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਅਤੇ ਕਿਰਤ ਭਲਾਈ ਅਫ਼ਸਰ ਨੇ ਦਖ਼ਲਅੰਦਾਜ਼ੀ ਕਰਕੇ ਕੱਢੇ ਗਏ ਵਰਕਰਾਂ ਨੂੰ ਬਹਾਲ ਨਾ ਕਰਵਾਇਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਧਰਨੇ ਵਿੱਚ ਜਨਰਲ ਸਕੱਤਰ ਸੁਰਜੀਤ ਸਿੰਘ, ਵਿੱਤੀ ਸਕੱਤਰ ਅਵਤਾਰ ਸਿੰਘ ਅਤੇ ਵੱਖ-ਵੱਖ ਏਜੰਸੀਆਂ ਦੇ ਪ੍ਰਧਾਨਾਂ ਨੇ ਵੀ ਹਾਜ਼ਰੀ ਲਗਵਾਈ। ਇਨ੍ਹਾਂ ਵਿੱਚ ਜਰਨੈਲ ਸਿੰਘ, ਕੇਸਰ ਸਿੰਘ, ਧੀਰਜ ਕੁਮਾਰ, ਜਸਵੀਰ ਸਿੰਘ, ਰਘਬੀਰ ਸਿੰਘ ਨਾਭਾ, ਮਨਜੀਤ ਸਿੰਘ ਅਤੇ ਸਨੀ ਨਾਭਾ ਆਪਣੇ ਸਾਥੀਆਂ ਸਮੇਤ ਧਰਨੇ ਵਿੱਚ ਸ਼ਾਮਲ ਹੋਏ।
