ਬਲਾਚੌਰ, 13 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਪਿੰਡ ਰੈਲ ਮਾਜਰਾ ਦੀ ਹੋਣਹਾਰ ਧੀ ਦਿਲਜੋਤ ਕੌਰ ਨੇ ਜ਼ਿਲ੍ਹਾ ਪੱਧਰੀ ਸ਼ਾਟ ਪੁੱਟ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਪੂਰੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਇਸ ਵੱਡੀ ਪ੍ਰਾਪਤੀ ’ਤੇ ਪਿੰਡ ਦੀ ਧੀ ਦਾ ਹੌਸਲਾ ਵਧਾਉਣ ਅਤੇ ਉਸਦੀ ਮਿਹਨਤ ਨੂੰ ਸਨਮਾਨ ਦੇਣ ਲਈ ਪਿੰਡ ਵਿੱਚ ਫਲੈਕਸ ਲਗਾਇਆ ਗਿਆ ਸੀ।
ਪਰ ਬੜੇ ਅਫ਼ਸੋਸ ਅਤੇ ਸ਼ਰਮ ਦੀ ਗੱਲ ਹੈ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਉਸ ਫਲੈਕਸ ਨੂੰ ਫਾੜ ਦਿੱਤਾ ਗਿਆ। ਇਹ ਸਿਰਫ਼ ਇੱਕ ਫਲੈਕਸ ਫਾੜਨ ਦੀ ਘਟਨਾ ਨਹੀਂ, ਸਗੋਂ ਇੱਕ ਮਿਹਨਤੀ ਧੀ ਦੀ ਪ੍ਰਾਪਤੀ ਅਤੇ ਉਸਦਾ ਹੌਸਲਾ ਵਧਾਉਣ ਵਾਲੀ ਸੋਚ ਦਾ ਅਪਮਾਨ ਕਰਨ ਦੀ ਕੋਸ਼ਿਸ਼ ਹੈ।
ਇਸ ਘਟਨਾ ’ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਪਾਰਟੀ ਮਿਸਲ ਸਤਲੁਜ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਤੇਜੀ ਮਾਂਗਟ ਨੇ ਅਜਿਹੀ ਘਟੀਆ ਮਾਨਸਿਕਤਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਧੀ ਦੀ ਪ੍ਰਾਪਤੀ ਦਾ ਸਨਮਾਨ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਉਸਦਾ ਅਪਮਾਨ ਵੀ ਨਾ ਕਰੋ।
ਤੇਜੀ ਮਾਂਗਟ ਨੇ ਕਿਹਾ ਕਿ ਫਲੈਕਸ ਫਾੜਨ ਨਾਲ ਕਿਸੇ ਧੀ ਦੀ ਪ੍ਰਾਪਤੀ ਨਹੀਂ ਮਿਟਦੀ, ਉਸਦੀ ਮਿਹਨਤ ਨਹੀਂ ਮਿਟਦੀ ਅਤੇ ਨਾ ਹੀ ਉਸਦੇ ਮਾਪਿਆਂ ਦਾ ਮਾਣ ਘਟਦਾ ਹੈ। ਦਿਲਜੋਤ ਕੌਰ ਦੀ ਪ੍ਰਾਪਤੀ ਜਿਉਂ ਦੀ ਤਿਉਂ ਕਾਇਮ ਹੈ ਅਤੇ ਰਹੇਗੀ। ਜਿਹੜੇ ਲੋਕ ਧੀਆਂ ਦੀਆਂ ਪ੍ਰਾਪਤੀਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਉਨ੍ਹਾਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਪਿੰਡ ਦੀਆਂ ਧੀਆਂ ਦਾ ਹੌਸਲਾ ਵਧਾਉਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਵੇ ਅਤੇ ਫਲੈਕਸ ਫਾੜਨ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਪੱਸ਼ਟ ਸੁਨੇਹਾ ਦਿੱਤਾ ਕਿ ਧੀਆਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨਾ ਸਿੱਖੋ, ਉਨ੍ਹਾਂ ਦਾ ਹੌਸਲਾ ਨਾ ਤੋੜੋ। ਅਸੀਂ ਆਪਣੀਆਂ ਧੀਆਂ ਦੀ ਮਿਹਨਤ ਅਤੇ ਕਾਮਯਾਬੀ ਦੇ ਨਾਲ ਪਹਿਲਾਂ ਵੀ ਖੜ੍ਹੇ ਸੀ ਅਤੇ ਅੱਗੇ ਵੀ ਖੜ੍ਹੇ ਰਹਾਂਗੇ।
