ਡੇਰਾਬੱਸੀ, 14 ਅਕਤੂਬਰ (ਸੰਜੀਵ ਸਿੰਘ ਸੈਣੀ):- ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਭਰ ਵਿੱਚ 154 ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਕਰਕੇ ਸਿਹਤ ਸੇਵਾਵਾਂ ਦੇ ਵਿਸਥਾਰ ਵੱਲ ਅਹਿਮ ਕਦਮ ਚੁੱਕਿਆ ਗਿਆ ਹੈ। ਇਸੇ ਤਹਿਤ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਪਿੰਡ ਤ੍ਰਿਵੇਦੀ ਕੈਂਪ ਵਿਖੇ ਨਵੇਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਕੇ ਇਸ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਇਸ ਨਾਲ ਹਲਕਾ ਡੇਰਾਬੱਸੀ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 24 ਹੋ ਗਈ ਹੈ।
ਇਸ ਮੌਕੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹਰ ਨਾਗਰਿਕ ਨੂੰ ਉਸ ਦੇ ਘਰ ਦੇ ਨੇੜੇ ਬਿਹਤਰ, ਮਿਆਰੀ ਅਤੇ ਮੁਫ਼ਤ ਮੁੱਢਲੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਮੁਫ਼ਤ ਸਿਹਤ ਜਾਂਚ, ਦਵਾਈਆਂ ਅਤੇ ਜ਼ਰੂਰੀ ਮੈਡੀਕਲ ਟੈਸਟਾਂ ਦੀਆਂ ਸਹੂਲਤਾਂ ਮਿਲਣਗੀਆਂ। ਇਸ ਨਾਲ ਲੋਕਾਂ ਨੂੰ ਸਮੇਂ ਸਿਰ ਇਲਾਜ ਕਰਵਾਉਣ ਵਿੱਚ ਮਦਦ ਮਿਲੇਗੀ ਅਤੇ ਸਿਹਤ ਸੇਵਾਵਾਂ ਉੱਤੇ ਹੋਣ ਵਾਲੇ ਖਰਚੇ ਤੋਂ ਵੀ ਰਾਹਤ ਮਿਲੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਆਮ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਹਲਕਾ ਡੇਰਾਬੱਸੀ ਵਿੱਚ 24 ਆਮ ਆਦਮੀ ਕਲੀਨਿਕਾਂ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਸਿਹਤ ਸਹੂਲਤਾਂ ਦੇਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਸਰਪੰਚ ਸ੍ਰੀਮਤੀ ਰਾਣੀ ਸਚਦੇਵਾ, ਸ੍ਰੀ ਸੁਨਹਿਰੀ ਲਾਲ ਦੀ ਪਤਨੀ; ਬਲਾਕ ਸੰਮਤੀ ਦੇ ਚੇਅਰਮੈਨ ਸ੍ਰੀ ਪ੍ਰਦੀਪ ਸਚਦੇਵਾ; ਪਿੰਡ ਵਾਸੀ ਅਤੇ ਸਿਹਤ ਵਿਭਾਗ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਮੌਜੂਦ ਰਹੇ।
