ਚੰਡੀਗੜ੍ਹ, 16 ਅਕਤੂਬਰ:- ਹਰਿਆਣਾ ਸਰਕਾਰ ਨੇ ਸਾਲ 2014 ਦੀਆਂ ਰੈਗੂਲਰਾਈਜ਼ੇਸ਼ਨ ਨੀਤੀਆਂ ਅਤੇ ਹੋਰ ਸਮਾਨ ਨੀਤੀਆਂ ਤਹਿਤ ਰੈਗੂਲਰ ਕੀਤੇ ਗਏ ਕਰਮਚਾਰੀਆਂ ਦਾ ਵੇਰਵਾ ਇਕੱਠਾ ਕਰਨ ਲਈ ਸਾਰੇ ਸਬੰਧਤ ਵਿਭਾਗਾਂ, ਦਫ਼ਤਰਾਂ ਅਤੇ ਸੰਗਠਨਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਇਨ੍ਹਾਂ ਨਿਰਦੇਸ਼ਾਂ ਅਨੁਸਾਰ, 16 ਜੂਨ, 18 ਜੂਨ ਅਤੇ 7 ਜੁਲਾਈ, 2014 ਨੂੰ ਜਾਰੀ ਕੀਤੀਆਂ ਗਈਆਂ ਰੈਗੂਲਰਾਈਜ਼ੇਸ਼ਨ ਨੀਤੀਆਂ ਅਤੇ ਸਮੇਂ-ਸਮੇਂ ’ਤੇ ਇਨ੍ਹਾਂ ਵਿੱਚ ਕੀਤੀਆਂ ਗਈਆਂ ਸੋਧਾਂ ਅਤੇ ਹੋਰ ਸਮਾਨ ਨੀਤੀਆਂ ਤਹਿਤ ਰੈਗੂਲਰ ਕੀਤੇ ਗਏ ਗਰੁੱਪ-ਬੀ, ਸੀ ਅਤੇ ਡੀ ਦੇ ਕਰਮਚਾਰੀਆਂ ਦੀ ਗਿਣਤੀ ਨਾਲ ਸਬੰਧਤ ਜਾਣਕਾਰੀ ਨਿਰਧਾਰਤ ਪ੍ਰੋਫਾਰਮੇ ਵਿੱਚ ਉਪਲਬਧ ਕਰਵਾਉਣੀ ਹੋਵੇਗੀ।
ਸਬੰਧਤ ਵਿਭਾਗਾਂ, ਦਫ਼ਤਰਾਂ ਅਤੇ ਸੰਗਠਨਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਨਿਰਧਾਰਤ ਪ੍ਰੋਫਾਰਮੇ ਵਿੱਚ ਲੋੜੀਂਦੀ ਜਾਣਕਾਰੀ ਪੱਤਰ ਜਾਰੀ ਹੋਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਈ-ਮੇਲ ਰਾਹੀਂ ਸਬੰਧਤ ਦਫ਼ਤਰ ਨੂੰ ਭੇਜਣ, ਤਾਂ ਜੋ ਮਨੁੱਖੀ ਸਰੋਤ ਵਿਭਾਗ ਵੱਲੋਂ ਅੰਕੜਿਆਂ ਦਾ ਸੰਕਲਨ ਅਤੇ ਅੱਗੇ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਭੇਜੀ ਜਾਣ ਵਾਲੀ ਜਾਣਕਾਰੀ ਦੀ ਸਹੀ ਤਰ੍ਹਾਂ ਤਸਦੀਕ ਕੀਤੀ ਜਾਵੇ ਅਤੇ ਇਸ ਦੀ ਸ਼ੁੱਧਤਾ ਯਕੀਨੀ ਬਣਾਈ ਜਾਵੇ, ਕਿਉਂਕਿ ਇਹ ਵੇਰਵਾ ਅਧਿਕਾਰਤ ਕੰਮਾਂ ਲਈ ਲੋੜੀਂਦਾ ਹੈ। ਸਬੰਧਤ ਪ੍ਰਸ਼ਾਸਨਿਕ ਵਿਭਾਗਾਂ ਅਤੇ ਵਿਭਾਗ ਮੁਖੀਆਂ ਨੂੰ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਜਾਣਕਾਰੀ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
