ਬਟਾਲਾ, 24 ਸਤੰਬਰ:- ਸਮੂਹ ਇਲਾਕਾ ਨਿਵਾਸੀ ਪਿੰਡ ਚੱਕ ਭੰਗਵਾਂ ਵੱਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਸਤਿਕਾਰਯੋਗ ਬੀਬੀ ਜੋਗਿੰਦਰ ਕੌਰ ਕੋਹਲੀ (ਮੁੰਬਈ) ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਹਰਦੇਵ ਸਿੰਘ ਜੀ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ) ਵੱਲੋਂ ਕੀਰਤਨ ਕਰਨ ਉਪਰੰਤ ਗਿਆਨੀ ਸਰਵਣ ਸਿੰਘ ਜੀ (ਅਰਦਾਸੀਏ ਸ੍ਰੀ ਦਰਬਾਰ ਸਾਹਿਬ) ਵੱਲੋਂ ਅਰਦਾਸ ਤੇ ਮੁਖਵਾਕ ਦੀ ਸੇਵਾ ਨਿਭਾਈ।

ਉਪਰੰਤ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ, ਭਪਿੰਦਰ ਸਿੰਘ ਕੋਹਲੀ, ਮੇਜਰ ਸਿੰਘ, ਪ੍ਰਿੰਸੀਪਲ ਤੇ ਸਟਾਫ ਅਕਾਲ ਅਕੈਡਮੀ ਮੂਲਿਆਂਵਾਲ, ਤਿਬੱੜ ਤੇ ਖਮਾਣੋ, ਮਨਪ੍ਰੀਤ ਕੌਰ, ਹਰਬਖਸ਼ ਸਿੰਘ ਸਿਵਲ ਡਿਫੈਂਸ ਬਟਾਲਾ ਵੱਲੋਂ ਮਾਤਾ ਜੀ ਦੇ ਜੀਵਨ ’ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਬੀਬੀ ਜੋਗਿੰਦਰ ਕੌਰ ਕੋਹਲੀ (ਮੁੰਬਈ) ਸੇਵਾ ਤੇ ਤਿਆਗ ਦੀ ਮੂਰਤ ਤੇ ਇਕ ਸੰਸਥਾ ਸਨ।

ਉਹ ਕਰਮੀ ਸਨ, ਲਾਵਾਰਸ ਤੇ ਜ਼ਰੂਰਤਮੰਦ ਬੱਚਿਆਂ, ਖਾਸਕਰ ਲੜਕੀਆਂ ਦੀ ਦੇਖਭਾਲ 95 ਸਾਲ ਦੀ ਉਮਰ ਤੱਕ ਖੁਦ ਕਰਦੇ ਸਨ। ਮਾਤਾ ਜੀ ਲੰਮੇ ਸਮੇਂ ਤੋਂ ਗਰੀਬਾਂ ਦੀ ਦਵਾਈਆਂ ਅਤੇ ਪੁਰਾਣੇ ਕੱਪੜਿਆਂ ਦੀ ਸਹਾਇਤਾ, ਰੁੱਖ ਲਗਾਉਣੇ ਤੇ ਪਾਲਣਾ ਕਰਨੀ, ਜ਼ਿੰਦਗੀ ਦਾ ਇਕ ਮਿਸ਼ਨ ਵਾਂਗ ਕਰਦੇ ਸਨ। ਅੱਜ ਉਹਨਾਂ ਦੀ ਯਾਦ ਵਿੱਚ ਵੱਖ-ਵੱਖ ਅਕਾਲ ਅਕੈਡਮੀਆਂ ਵਿੱਚ ਜੰਗਲ ਲਗਾਏ ਜਾ ਰਹੇ ਹਨ।

ਉਹਨਾਂ ਦੀ ਪਹਿਲੀ ਬਰਸੀ ਮੌਕੇ ਬਿਹਾਰ ਦੇ ਇਕ ਸਕੂਲ ਵਿੱਚ 111 ਨਿੰਮ ਤੇ 116 ਫਲਦਾਰ ਬੂਟੇ ਵੀ ਲਗਾਏ ਗਏ। ਆਖਰ ਵਿੱਚ ਉਹਨਾਂ ਦੇ ਜੀਵਨ ਦੇ ਆਧਾਰ ’ਤੇ ਤੇ ਹੋਰ ਕਿਤਾਬਾਂ ਹਾਜ਼ਰ ਸਭ ਨੂੰ ਕਿਤਾਬਾਂ ਵੰਡੀਆਂ ਗਈਆਂ। ਆਓ ਅਸੀਂ ਸਾਰੇ ਮਿਲ ਕੇ ਵਾਤਾਵਰਨ ਸੰਭਾਲੀਏ, ਵੱਧ ਤੋਂ ਵੱਧ ਰੁੱਖ ਲਗਾਈਏ।