ਮਾਹਿਲਪੁਰ:- ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਮਾਹਿਲਪੁਰ ਨੇੜੇ, ਹੁਸ਼ਿਆਰਪੁਰ ਵੱਲੋਂ ਕਿਸਾਨਾਂ ਨੂੰ ਸਹਾਇਕ ਕਿੱਤੇ ਅਪਣਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਵੱਖ-ਵੱਖ ਹੁਨਰ ਵਿਕਾਸ ਸਿਖਲਾਈ ਕੈਂਪ ਲਗਾਏ ਜਾਂਦੇ ਹਨ। ਇਸੇ ਲੜੀ ਤਹਿਤ “ਸਬਜ਼ੀਆਂ ਦੀ ਸੁਰੱਖਿਅਤ ਕਾਸ਼ਤ ਅਤੇ ਨਰਸਰੀ ਉਤਪਾਦਨ” ਵਿਸ਼ੇ 'ਤੇ ਪੰਜ ਰੋਜ਼ਾ ਕਿੱਤਾਮੁਖੀ ਹੁਨਰ ਵਿਕਾਸ ਸਿਖਲਾਈ ਕੈਂਪ 10 ਤੋਂ 17 ਨਵੰਬਰ, 2026 ਤੱਕ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਦੇ ਸਹਾਇਕ ਨਿਰਦੇਸ਼ਕ (ਸਿਖਲਾਈ) ਡਾ. ਮਨਿੰਦਰ ਸਿੰਘ ਬੱਸੂ ਨੇ ਦੱਸਿਆ ਕਿ ਇਸ ਹੁਨਰ ਵਿਕਾਸ ਕੈਂਪ ਦਾ ਉਦੇਸ਼ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਵੱਖ-ਵੱਖ ਹੁਨਰਾਂ ਦੀ ਸਿਖਲਾਈ ਦੇਣਾ ਹੈ, ਤਾਂ ਜੋ ਉਹ ਸਵੈ-ਰੁਜ਼ਗਾਰ ਜਾਂ ਸਹਾਇਕ ਕਿੱਤੇ ਅਪਣਾ ਕੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਮਜ਼ਬੂਤ ਕਰ ਸਕਣ।

ਡਾ. ਬੱਸੂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਸਬਜ਼ੀਆਂ ਦੀ ਸੁਰੱਖਿਅਤ ਕਾਸ਼ਤ ਅਤੇ ਨਰਸਰੀ ਉਤਪਾਦਨ ਨਾਲ ਸਬੰਧਤ ਨਵੀਨਤਮ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਇਨ੍ਹਾਂ ਵਿੱਚ ਸਬਜ਼ੀਆਂ ਦੀ ਕਾਸ਼ਤ, ਪੌਦੇ ਤਿਆਰ ਕਰਨ ਲਈ ਨਰਸਰੀ ਬਣਾਉਣਾ ਅਤੇ ਨਰਸਰੀ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨਾ ਸ਼ਾਮਲ ਹੈ। ਭਾਗ ਲੈਣ ਵਾਲਿਆਂ ਨੂੰ ਇਨ੍ਹਾਂ ਤਕਨੀਕਾਂ ਦੀ ਵਿਹਾਰਕ ਸਿਖਲਾਈ ਵੀ ਦਿੱਤੀ ਜਾਵੇਗੀ।

ਇਹ ਕੈਂਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਰਹਿਨੁਮਾਈ ਹੇਠ ਲਗਾਇਆ ਜਾਵੇਗਾ। ਕਿਸਾਨ 10 ਨਵੰਬਰ, 2026 ਨੂੰ ਸਵੇਰੇ 10 ਵਜੇ ਤੋਂ ਆਪਣੀ ਸਹੂਲਤ ਅਨੁਸਾਰ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਪਹੁੰਚ ਕੇ ਇਸ ਕੈਂਪ ਵਿੱਚ ਭਾਗ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 99881 81540 'ਤੇ ਸੰਪਰਕ ਕੀਤਾ ਜਾ ਸਕਦਾ ਹੈ।