ਪਟਿਆਲਾ (ਕਾਕਾ ਰਾਮ ਵਰਮਾ):- ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਿਆਣ, ਪਟਿਆਲਾ ਦੇ ਪ੍ਰਿੰਸੀਪਲ ਸ੍ਰੀ ਨਿਖਿਲ ਨਿਰੰਜਣ ਮੰਡਲ ਦੀ ਅਗਵਾਈ ਹੇਠ ਸਟੂਡੈਂਟਸ ਪੁਲਿਸ ਕੈਡਿਟ ਪ੍ਰੋਗਰਾਮ ਦੇ ਮੈਂਬਰਾਂ, ਹੋਰ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਆਫ਼ਤ ਪ੍ਰਬੰਧਨ ਅਤੇ ਐਮਰਜੈਂਸੀ ਬਚਾਅ ਸਬੰਧੀ ਸਿਖਲਾਈ ਕਰਵਾਈ ਗਈ। ਇਹ ਸਿਖਲਾਈ ਰੈੱਡ ਕਰਾਸ ਦੇ ਸੇਵਾਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ੍ਰੀ ਕਾਕਾ ਰਾਮ ਵਰਮਾ ਵੱਲੋਂ ਦਿੱਤੀ ਗਈ। ਇਸ ਦੌਰਾਨ ਫਸਟ ਏਡ, ਸੀ.ਪੀ.ਆਰ., ਦਿਲ ਦਾ ਦੌਰਾ, ਕਾਰਡੀਅਕ ਅਰੈਸਟ, ਬੇਹੋਸ਼ੀ, ਅੱਗ ਲੱਗਣ, ਗੈਸ ਲੀਕ ਹੋਣ, ਬਿਜਲੀ ਦੇ ਹਾਦਸਿਆਂ ਅਤੇ ਪੈਟਰੋਲੀਅਮ ਪਦਾਰਥਾਂ ਨਾਲ ਸਬੰਧਤ ਐਮਰਜੈਂਸੀ ਹਾਲਾਤ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਸਿਖਲਾਈ ਦਾ ਮਕਸਦ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਘਰਾਂ, ਸਿੱਖਿਆ ਸੰਸਥਾਵਾਂ, ਵਾਹਨਾਂ ਅਤੇ ਦੁਕਾਨਾਂ ਵਿੱਚ ਹਾਦਸਿਆਂ ਤੋਂ ਬਚਾਅ ਅਤੇ ਐਮਰਜੈਂਸੀ ਸਮੇਂ ਕੀਮਤੀ ਜਾਨਾਂ ਤੇ ਜਾਇਦਾਦ ਦੀ ਰੱਖਿਆ ਲਈ ਸਮਝਦਾਰੀ ਨਾਲ ਕਦਮ ਚੁੱਕਣ ਬਾਰੇ ਜਾਗਰੂਕ ਕਰਨਾ ਸੀ।
ਸ੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ ਉਨ੍ਹਾਂ ਦੇ ਅਨੁਮਾਨ ਅਨੁਸਾਰ ਲਗਭਗ 90 ਫ਼ੀਸਦੀ ਹਾਦਸੇ ਮਨੁੱਖੀ ਗਲਤੀਆਂ, ਲਾਪਰਵਾਹੀ ਅਤੇ ਅਗਿਆਨਤਾ ਕਾਰਨ ਵਾਪਰਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਸਿੱਖਿਆ ਸੰਸਥਾ ਨੂੰ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਸਾਲ ਵਿੱਚ ਇੱਕ-ਦੋ ਵਾਰ ਵਿਸ਼ਾ ਮਾਹਿਰਾਂ ਨੂੰ ਬੁਲਾ ਕੇ ਅਜਿਹੀਆਂ ਸਿਖਲਾਈਆਂ ਕਰਵਾਉਣੀਆਂ ਚਾਹੀਦੀਆਂ ਹਨ।
ਵਿਦਿਆਰਥੀਆਂ ਨੂੰ ਅਗਵਾ ਹੋਣ, ਘਰੋਂ ਭੱਜਣ, ਮਾੜੇ ਅਨਸਰਾਂ ਦੀ ਸੰਗਤ, ਲਾਲਚ, ਗਲਤ ਵਿਸ਼ਵਾਸ ਅਤੇ ਡਰ ਦੇ ਪ੍ਰਭਾਵ ਹੇਠ ਆਉਣ ਅਤੇ ਨਸ਼ਿਆਂ ਤੇ ਅਪਰਾਧਿਕ ਗਤੀਵਿਧੀਆਂ ਵਿੱਚ ਫਸਣ ਤੋਂ ਬਚਣ ਬਾਰੇ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਨੂੰ ਜ਼ਰੂਰੀ ਹੈਲਪਲਾਈਨ ਨੰਬਰਾਂ ਬਾਰੇ ਜਾਣਕਾਰੀ ਦਿੱਤੀ ਗਈ।
ਸਰਦੀਆਂ ਦੌਰਾਨ ਗੈਸ ਲੀਕ ਹੋਣ, ਅੰਗੀਠੀ ਅਤੇ ਗੀਜ਼ਰ ਦੀ ਵਰਤੋਂ, ਬਿਜਲੀ ਦਾ ਕਰੰਟ ਲੱਗਣ ਅਤੇ ਬੰਦ ਕਮਰਿਆਂ ਵਿੱਚ ਆਕਸੀਜਨ ਦੀ ਕਮੀ ਕਾਰਨ ਵਾਪਰਨ ਵਾਲੇ ਹਾਦਸਿਆਂ ਤੋਂ ਬਚਾਅ ਦੇ ਤਰੀਕੇ ਵੀ ਦੱਸੇ ਗਏ।
ਦਿਲ ਦੇ ਦੌਰੇ ਦੇ ਲੱਛਣਾਂ ਅਤੇ ਪੀੜਤਾਂ ਨੂੰ ਸਮੇਂ ਸਿਰ ਮੁੱਢਲੀ ਸਹਾਇਤਾ ਤੇ ਐਮਰਜੈਂਸੀ ਡਾਕਟਰੀ ਮਦਦ ਦੇਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਕਾਰਡੀਅਕ ਅਰੈਸਟ ਦੀ ਸਥਿਤੀ ਵਿੱਚ ਏ.ਬੀ.ਸੀ.ਡੀ. ਪ੍ਰਕਿਰਿਆ, ਰਿਕਵਰੀ ਪੁਜ਼ੀਸ਼ਨ ਅਤੇ ਸੀ.ਪੀ.ਆਰ. ਦਾ ਵਿਹਾਰਕ ਅਭਿਆਸ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ।
ਰਾਸ਼ਟਰਪਤੀ ਐਵਾਰਡੀ ਡਾ. ਜਸਵਿੰਦਰ ਸਿੰਘ, ਬਲਜੀਤ ਕੌਰ ਅਤੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਅਤੇ ਸ੍ਰੀ ਕਾਕਾ ਰਾਮ ਵਰਮਾ ਦਾ ਸਿਖਲਾਈ ਕਰਵਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਚਾਨਕ ਵਾਪਰਨ ਵਾਲੇ ਹਾਦਸਿਆਂ ਦੌਰਾਨ ਸਮੇਂ ਸਿਰ ਫਸਟ ਏਡ ਅਤੇ ਸੀ.ਪੀ.ਆਰ. ਨਾ ਮਿਲਣ ਕਾਰਨ ਹਰ ਰੋਜ਼ ਹਜ਼ਾਰਾਂ ਲੋਕ, ਜਿਨ੍ਹਾਂ ਵਿੱਚ ਵਿਦਿਆਰਥੀ ਅਤੇ ਕਰਮਚਾਰੀ ਵੀ ਸ਼ਾਮਲ ਹਨ, ਆਪਣੀਆਂ ਜਾਨਾਂ ਗੁਆ ਰਹੇ ਹਨ। ਇਸ ਲਈ ਵਿਦਿਆਰਥੀਆਂ, ਕਰਮਚਾਰੀਆਂ, ਅਧਿਆਪਕਾਂ ਅਤੇ ਆਮ ਨਾਗਰਿਕਾਂ ਲਈ ਅਜਿਹੀਆਂ ਸਿਖਲਾਈਆਂ ਨਿਰੰਤਰ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।
