ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਅਕਤੂਬਰ, 2026:- ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਅੱਜ ਸਿਵਲ ਸਰਜਨ ਡਾ. ਸੰਗੀਤਾ ਜੈਨ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਫੇਜ਼-6 ਸਿਵਲ ਹਸਪਤਾਲ ਵਿੱਚ ਸਥਿਤ ਪੁਲਿਸ ਚੌਕੀ ਦੀ ਅਚਨਚੇਤ ਜਾਂਚ ਕੀਤੀ ਅਤੇ ਸਟਾਫ਼ ਨੂੰ ਡੇਂਗੂ ਤੋਂ ਬਚਾਅ ਬਾਰੇ ਜਾਗਰੂਕ ਕੀਤਾ।
ਇਸ ਜਾਂਚ ਦੌਰਾਨ ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ, ਜਿਸ ਵਿੱਚ ਡਾ. ਪਰਮਿੰਦਰਜੀਤ ਸਿੰਘ, ਐਸ.ਐਮ.ਓ. ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ ਸੋਨੀ ਵੀ ਸ਼ਾਮਲ ਸਨ, ਨੇ ਪੁਲਿਸ ਚੌਕੀ ਦੇ ਵੱਖ-ਵੱਖ ਹਿੱਸਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ। ਟੀਮ ਨੇ ਚੌਕੀ ਦੇ ਅਹਾਤੇ ਵਿੱਚ ਪਾਣੀ ਜਮ੍ਹਾਂ ਹੋਣ ਦੀਆਂ ਸੰਭਾਵੀ ਥਾਵਾਂ, ਜਿਵੇਂ ਕੂਲਰਾਂ, ਗਮਲਿਆਂ, ਕਬਾੜ ਅਤੇ ਖੁੱਲ੍ਹੇ ਟੈਂਕਾਂ ਦੀ ਜਾਂਚ ਕੀਤੀ।
ਇਸ ਮੌਕੇ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ਵਿੱਚ ਪਲਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਆਲੇ-ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਪੁਲਿਸ ਮੁਲਾਜ਼ਮਾਂ ਅਤੇ ਮੌਜੂਦ ਸਟਾਫ਼ ਨੂੰ ਅਪੀਲ ਕੀਤੀ ਕਿ ਹਰ ਸ਼ੁੱਕਰਵਾਰ ਨੂੰ ‘ਡਰਾਈ ਡੇ’ ਵਜੋਂ ਮਨਾਇਆ ਜਾਵੇ ਅਤੇ ਉਨ੍ਹਾਂ ਸਾਰੀਆਂ ਥਾਵਾਂ ਨੂੰ ਸਾਫ਼ ਤੇ ਸੁੱਕਾ ਰੱਖਿਆ ਜਾਵੇ, ਜਿੱਥੇ ਮੱਛਰਾਂ ਦੇ ਪਲਣ ਦਾ ਖ਼ਤਰਾ ਹੋਵੇ।
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ ਸੋਨੀ ਨੇ ਵੀ ਡੇਂਗੂ ਦੇ ਲੱਛਣਾਂ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਿਹਤ ਵਿਭਾਗ ਦੀ ਟੀਮ ਨੇ ਪੁਲਿਸ ਚੌਕੀ ਦੇ ਸਟਾਫ਼ ਨੂੰ ਸਿਹਤ ਸਲਾਹਾਂ ਦੀ ਪਾਲਣਾ ਕਰਨ ਅਤੇ ਡੇਂਗੂ ਵਿਰੁੱਧ ਇਸ ਲੜਾਈ ਵਿੱਚ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ।
