ਬਰਮਿੰਘਮ, ਇੰਗਲੈਂਡ, 14 ਨਵੰਬਰ:- ਇੰਗਲੈਂਡ ਦੇ ਪ੍ਰਮੁੱਖ ਸ਼ਹਿਰ ਬਰਮਿੰਘਮ ਵਿਖੇ ਸ਼ਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ ਵਿੱਚ 14 ਨਵੰਬਰ 2026, ਸ਼ਨੀਵਾਰ ਨੂੰ ਯੂਰਪੀਅਨ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪ੍ਰਸਿੱਧ ਕਹਾਣੀਕਾਰ ਸੁਖਜੀਤ ਦੀ ਯਾਦ ਵਿੱਚ ਦੂਜਾ ਕਹਾਣੀ ਸਮਾਗਮ ਅਤੇ ਪੁਸਤਕ ਲੋਕ ਅਰਪਣ ਸਮਾਰੋਹ ਸਫਲਤਾਪੂਰਵਕ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਵਿਸ਼ੇਸ਼ ਤੌਰ ’ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪੰਜਾਬੀ ਕਵੀ ਨਛੱਤਰ ਸਿੰਘ ਭੋਗਲ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਸਮਾਗਮ ਦੀ ਸ਼ੁਰੂਆਤ ਕੀਤੀ।

ਇਸ ਤੋਂ ਬਾਅਦ ਬਰਤਾਨੀਆ ਦੇ ਪ੍ਰਸਿੱਧ ਨਾਵਲਕਾਰ ਜਸਵਿੰਦਰ ਰੱਤੀਆਂ ਦੇ ਕਹਾਣੀ ਸੰਗ੍ਰਹਿ "ਲੱਕੜ ਕੇ ਸਿਰ" ਅਤੇ ਬਰਤਾਨੀਆ ਵਿੱਚ ਜਨਮੇ ਪੰਜਾਬੀ ਲੇਖਕ ਰੂਪ ਢਿੱਲੋਂ ਦੇ ਕਹਾਣੀ ਸੰਗ੍ਰਹਿ "ਖਤ" ਬਾਰੇ ਕੁਲਵੰਤ ਕੌਰ ਢਿੱਲੋਂ ਅਤੇ ਬਲਵਿੰਦਰ ਸਿੰਘ ਚਾਹਲ ਵੱਲੋਂ ਸਮੀਖਿਆ ਪੱਤਰ ਪੇਸ਼ ਕੀਤੇ ਗਏ। ਇਸ ਮੌਕੇ ਕਹਾਣੀਕਾਰ ਅਜਮੇਰ ਸਿੱਧੂ ਨੇ ਇਨ੍ਹਾਂ ਪੁਸਤਕਾਂ ਅਤੇ ਸਮੀਖਿਆ ਪੱਤਰਾਂ ਬਾਰੇ ਵਿਸ਼ੇਸ਼ ਚਰਚਾ ਕੀਤੀ ਅਤੇ ਗ਼ਦਰੀ ਬਾਬਿਆਂ ਦੇ ਇਤਿਹਾਸ ’ਤੇ ਵੀ ਚਾਨਣਾ ਪਾਇਆ।

ਇਸ ਸਮਾਗਮ ਵਿੱਚ ਦਲਵੀਰ ਹਲਵਾਰਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਬਰਤਾਨੀਆ ਦੇ ਪੰਜਾਬੀ ਲੇਖਕਾਂ, ਵਿਦਵਾਨਾਂ ਅਤੇ ਵੱਖ-ਵੱਖ ਸੰਸਥਾਵਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਆਤਮਜੀਤ ਕੌਰ ਆਤਮ ਦੇ ਕਾਵਿ ਸੰਗ੍ਰਹਿ "ਕੁਦਰਤਨਾਮਾ" ਦਾ ਵੀ ਲੋਕ ਅਰਪਣ ਕੀਤਾ ਗਿਆ। ਅਜਮੇਰ ਸਿੱਧੂ ਅਤੇ ਦਲਵੀਰ ਹਲਵਾਰਵੀ ਨੂੰ ਵਿਸ਼ੇਸ਼ ਤੌਰ ’ਤੇ ਲੋਈ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਸਮਾਗਮ ਦੇ ਦੂਜੇ ਭਾਗ ਵਿੱਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਸੱਥ ਵੱਲੋਂ ਅਜਾਇਬ ਸਿੰਘ ਗਰਚਾ, ਨਿਰਮਲ ਸਿੰਘ ਕੰਦਾਲਵੀ, ਕਿਰਪਾਲ ਪੂਨੀ, ਸ਼ਾਇਰ ਰਜਿੰਦਰਜੀਤ, ਰਵਿੰਦਰ ਕੁੰਦਰਾ, ਕਾਮਰੇਡ ਤਾਰਾ ਸਿੰਘ ਤਾਰਾ, ਕਾਮਰੇਡ ਤਾਰੀ, ਮਨਜੀਤ ਪੱਡਾ, ਬਲਵੰਤ ਗਿੱਲ, ਜਸਮੇਰ ਸਿੰਘ ਲਾਲ, ਬਲਦੇਵ ਦਿਉਲ ਆਦਿ ਸ਼ਾਮਲ ਹੋਏ।

ਸਮਾਗਮ ਦੇ ਪਹਿਲੇ ਭਾਗ ਦਾ ਮੰਚ ਸੰਚਾਲਨ ਪ੍ਰਸਿੱਧ ਨਾਵਲਕਾਰ ਮਹਿੰਦਰਪਾਲ ਧਾਲੀਵਾਲ ਨੇ ਕੀਤਾ ਅਤੇ ਦੂਜੇ ਭਾਗ ਦਾ ਸੰਚਾਲਨ ਰੂਪ ਦਵਿੰਦਰ ਕੌਰ ਵੱਲੋਂ ਕੀਤਾ ਗਿਆ। ਅੰਤ ਵਿੱਚ ਬਲਵਿੰਦਰ ਸਿੰਘ ਚਾਹਲ ਨੇ ਯੂਰਪੀਅਨ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਜਲਦੀ ਮੁੜ ਮਿਲਣ ਦੇ ਵਾਅਦੇ ਨਾਲ ਵਿਦਾਇਗੀ ਦਿੱਤੀ।