ਸ੍ਰੀਨਗਰ:- ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਇੱਕ ਅਤਿਵਾਦੀ ਮਾਰਿਆ ਗਿਆ ਹੈ, ਜਦਕਿ ਇੱਕ ਹੋਰ ਅਤਿਵਾਦੀ ਨੂੰ ਘੇਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਇਸੇ ਜ਼ਿਲ੍ਹੇ ਵਿੱਚ ਹੋਏ ਇੱਕ ਹਮਲੇ ਦੌਰਾਨ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀ.ਆਰ.ਪੀ.ਐੱਫ.) ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ ਸਨ। ਪੁਲੀਸ ਵੱਲੋਂ ਸੋਮਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਗਈ।

ਕਸ਼ਮੀਰ ਜ਼ੋਨ ਪੁਲੀਸ ਨੇ ਇੱਕ ਪੋਸਟ ਰਾਹੀਂ ਦੱਸਿਆ, "ਕੁਲਗਾਮ ਵਿੱਚ ਅਤਿਵਾਦੀਆਂ ਨਾਲ ਮੁਕਾਬਲਾ ਜਾਰੀ ਹੈ।" ਪੁਲੀਸ ਨੇ ਦੱਸਿਆ ਕਿ ਫੌਜ ਅਤੇ ਹੋਰ ਸੁਰੱਖਿਆ ਬਲਾਂ ਦੀ ਮਦਦ ਨਾਲ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ। ਅਧਿਕਾਰੀਆਂ ਨੇ ਘਿਰੇ ਹੋਏ ਅਤਿਵਾਦੀਆਂ ਦੀ ਪਛਾਣ ਲਤੀਫ਼ ਭੱਟ ਅਤੇ ਉਮਰ ਵਜੋਂ ਕੀਤੀ ਹੈ। ਮੌਕੇ 'ਤੇ ਇੱਕ ਅਤਿਵਾਦੀ ਦੀ ਲਾਸ਼ ਦਿਖਾਈ ਦੇ ਰਹੀ ਸੀ, ਜਦਕਿ ਦੂਜੇ ਅਤਿਵਾਦੀ ਨੂੰ ਢੇਰ ਕਰਨ ਲਈ ਕਾਰਵਾਈ ਲਗਾਤਾਰ ਜਾਰੀ ਹੈ।

ਜਾਣਕਾਰੀ ਮੁਤਾਬਕ, ਇਹ ਦੋਵੇਂ ਅਤਿਵਾਦੀ ਪਿਛਲੇ ਹਫ਼ਤੇ ਇਸੇ ਜ਼ਿਲ੍ਹੇ ਵਿੱਚ ਸੀ.ਆਰ.ਪੀ.ਐੱਫ. ਦੀ ਇੱਕ ਚੈੱਕ ਪੋਸਟ 'ਤੇ ਹੋਏ ਹਮਲੇ ਵਿੱਚ ਸ਼ਾਮਲ ਸਨ। ਇਸ ਤਲਾਸ਼ੀ ਮੁਹਿੰਮ ਅਤੇ ਮੁਕਾਬਲੇ ਵਿੱਚ ਫੌਜ ਦੀਆਂ ਸਾਰੀਆਂ ਨਜ਼ਦੀਕੀ ਟੁਕੜੀਆਂ ਅਤੇ ਜੰਮੂ-ਕਸ਼ਮੀਰ ਪੁਲੀਸ ਦਾ ਸਪੈਸ਼ਲ ਅਪਰੇਸ਼ਨ ਗਰੁੱਪ ਸ਼ਾਮਲ ਹੈ।