ਮੋਹਾਲੀ, 17 ਅਕਤੂਬਰ (ਹਰਮਿੰਦਰ ਸਿੰਘ ਨਾਗਪਾਲ):- ਮੋਹਾਲੀ ਕਲਾ, ਸੱਭਿਆਚਾਰਕ ਅਤੇ ਵੈਲਫੇਅਰ ਕਲੱਬ (ਰਜਿ.), ਮੋਹਾਲੀ ਵੱਲੋਂ ਤੀਜੇ ਦੁਸਹਿਰਾ ਮੇਲੇ ਦਾ ਆਯੋਜਨ ਮੰਗਲਵਾਰ, 20 ਅਕਤੂਬਰ ਨੂੰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਸੈਕਟਰ-79 ਵਿਖੇ ਦੁਸਹਿਰਾ ਮੇਲੇ ਵਾਲੀ ਥਾਂ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਸਮਾਣਾ ਅਤੇ ਜਨਰਲ ਸਕੱਤਰ ਫੂਲਰਾਜ ਸਿੰਘ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਵਿਧਾਇਕ ਕੁਲਵੰਤ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ, ਜਿਸ ਨੂੰ ਦੇਖਦਿਆਂ ਵਲੰਟੀਅਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਕਲੱਬ ਦੇ ਸਾਰੇ ਮੈਂਬਰ ਅਤੇ ਅਹੁਦੇਦਾਰ ਇਸ ਧਾਰਮਿਕ ਸਮਾਗਮ ਨੂੰ ਸਫਲ ਬਣਾਉਣ ਲਈ ਆਪ-ਮੁਹਾਰੇ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਹਨ ਅਤੇ ਅੱਗੇ ਵੀ ਜ਼ਿੰਮੇਵਾਰੀਆਂ ਸੰਭਾਲ ਰਹੇ ਹਨ।

ਉਨ੍ਹਾਂ ਦੱਸਿਆ ਕਿ ਵਿਧਾਇਕ ਕੁਲਵੰਤ ਸਿੰਘ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ, ਜਦਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਮੋਹਾਲੀ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਇੰਜੀਨੀਅਰ ਪ੍ਰਭਜੋਤ ਕੌਰ, ਮੋਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ ਰਾਜਿੰਦਰ ਪ੍ਰਸਾਦ ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ ਦੇ ਨਾਲ-ਨਾਲ ਸਮੁੱਚੇ ਕੌਂਸਲਰਾਂ, ਪੰਚਾਂ, ਸਰਪੰਚਾਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੇ ਵੀ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਉਮੀਦ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੂਲਰਾਜ ਸਿੰਘ ਨੇ ਸਪੱਸ਼ਟ ਕੀਤਾ ਕਿ ਆਤਿਸ਼ਬਾਜ਼ੀ ਕਾਰਨ ਵਾਤਾਵਰਨ ਨੂੰ ਪ੍ਰਦੂਸ਼ਿਤ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੁਸਹਿਰਾ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਇਹ ਤਿਉਹਾਰ ਰਾਵਣ ਦੀ ਬੁਰਾਈ ਅਤੇ ਸ੍ਰੀ ਰਾਮ ਚੰਦਰ ਜੀ ਵੱਲੋਂ ਦਰਸਾਈ ਨੇਕੀ ਨੂੰ ਯਾਦ ਕਰਵਾਉਂਦਾ ਹੈ।

ਜਨਰਲ ਸਕੱਤਰ ਫੂਲਰਾਜ ਸਿੰਘ ਨੇ ਅੱਗੇ ਦੱਸਿਆ ਕਿ ਦੁਸਹਿਰਾ ਮੇਲੇ ਲਈ ਕਲਾਕਾਰਾਂ ਵੱਲੋਂ ਪੇਸ਼ੇਵਰ ਢੰਗ ਨਾਲ ਤਿਆਰ ਕੀਤੀਆਂ ਝਾਕੀਆਂ ਮੰਗਵਾਈਆਂ ਜਾ ਰਹੀਆਂ ਹਨ। ਇਨ੍ਹਾਂ ਝਾਕੀਆਂ ਨਾਲ ਰਾਜਸਥਾਨ, ਹਰਿਆਣਾ ਅਤੇ ਦਿੱਲੀ ਤੋਂ ਟੀਮਾਂ ਪਹੁੰਚਣਗੀਆਂ। ਕਲਾਕਾਰ ਫੇਜ਼-1 ਮੰਦਰ ਤੋਂ ਵੱਖ-ਵੱਖ ਫੇਜ਼ਾਂ ਵਿੱਚੋਂ ਹੁੰਦੇ ਹੋਏ ਸੈਕਟਰ-79 ਸਥਿਤ ਦੁਸਹਿਰਾ ਮੇਲੇ ਵਾਲੀ ਥਾਂ ’ਤੇ ਪਹੁੰਚਣਗੇ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।

ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਫੂਲਰਾਜ ਸਿੰਘ ਨੇ ਦੱਸਿਆ ਕਿ ਵਿਧਾਇਕ ਕੁਲਵੰਤ ਸਿੰਘ ਵੱਲੋਂ ਸਰਕਾਰ ਤੋਂ ਦੁਸਹਿਰਾ ਮਨਾਉਣ ਲਈ ਇੱਕ ਪੱਕੀ ਥਾਂ ਨਿਰਧਾਰਤ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਦੌਰਾਨ ਸਮੇਂ ਦੀਆਂ ਸਰਕਾਰਾਂ ਨੇ ਧਾਰਮਿਕ ਕਾਰਜਾਂ ਵੱਲ ਨਿੱਜੀ ਦਿਲਚਸਪੀ ਨਹੀਂ ਦਿਖਾਈ, ਸਗੋਂ ਇਨ੍ਹਾਂ ਮਾਮਲਿਆਂ ਨੂੰ ਸਿਆਸੀ ਲਾਹੇ ਲਈ ਵਰਤਿਆ। ਹਾਲਾਂਕਿ ਵਿਧਾਇਕ ਕੁਲਵੰਤ ਸਿੰਘ ਇਸ ਸਬੰਧੀ ਯਤਨ ਕਰ ਰਹੇ ਹਨ ਅਤੇ ਉਮੀਦ ਹੈ ਕਿ ਜਲਦੀ ਹੀ ਦੁਸਹਿਰਾ ਮੇਲੇ ਲਈ ਥਾਂ ਅਲਾਟ ਹੋ ਜਾਵੇਗੀ।

ਫੂਲਰਾਜ ਸਿੰਘ ਨੇ ਦੱਸਿਆ ਕਿ ਦੁਸਹਿਰਾ ਮੇਲਾ ਕਰਵਾਉਣ ਦਾ ਵਿਚਾਰ ਵਿਧਾਇਕ ਕੁਲਵੰਤ ਸਿੰਘ ਦਾ ਹੀ ਸੀ। ਉਨ੍ਹਾਂ ਨੇ ਕਲੱਬ ਨੂੰ ਇਹ ਸਮਾਗਮ ਕਰਵਾਉਣ ਲਈ ਕਿਹਾ ਸੀ, ਕਿਉਂਕਿ ਕਲੱਬ ਵੱਲੋਂ ਧਾਰਮਿਕ ਅਤੇ ਸਮਾਜ ਸੇਵੀ ਕੰਮਾਂ ਵਿੱਚ ਹਮੇਸ਼ਾ ਵੱਡੇ ਪੱਧਰ ’ਤੇ ਯੋਗਦਾਨ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਲੱਬ ਦੇ ਕੋਆਰਡੀਨੇਟਰ ਅਤੇ ਪ੍ਰਸਿੱਧ ਸਮਾਜ ਸੇਵੀ ਪਰਮਜੀਤ ਸਿੰਘ ਚੌਹਾਨ ਵੱਲੋਂ ਵੀ ਮੇਲੇ ਦੇ ਸਮੁੱਚੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ।

ਇਸ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਦਮਨਜੀਤ ਸਿੰਘ ਔਜਲਾ, ਹਰਪਾਲ ਸਿੰਘ ਚੰਨਾ, ਹਰਪਾਲ ਸਿੰਘ ਬਰਾੜ, ਅਮਰਜੀਤ ਸਿੰਘ ਸਿੱਧੂ, ਨਿਹਾਲ ਸਿੰਘ ਵਿਰਕ ਅਤੇ ਗੁਰਮੀਤ ਸਿੰਘ ਸੈਣੀ ਵੀ ਹਾਜ਼ਰ ਸਨ।