ਨਵਾਂਸ਼ਹਿਰ, 15 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ):- ਪਦਉੱਨਤ ਹੋ ਕੇ ਡੀਐਸਪੀ ਬਣੇ ਕਰਨੈਲ ਸਿੰਘ ਸ਼ਾਹਪੁਰ ਪੱਟੀ ਦਾ ਅੱਜ ਆਪਣੇ ਜੱਦੀ ਪਿੰਡ ਸ਼ਾਹਪੁਰ ਪੱਟੀ ਪਹੁੰਚਣ ’ਤੇ ਪਿੰਡ ਵਾਸੀਆਂ, ਪਤਵੰਤਿਆਂ ਅਤੇ ਸਾਕ-ਸਬੰਧੀਆਂ ਵੱਲੋਂ ਢੋਲ ਦੀ ਥਾਪ ’ਤੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਨਵਾਂਸ਼ਹਿਰ ਵਿਖੇ ਵੀ ਪੁਕਾਰ ਫਾਊਂਡੇਸ਼ਨ – ਹੈਲਪਿੰਗ ਹੈਂਡਜ਼ ਫਾਰ ਹੈਲਪਲੈੱਸ ਵੱਲੋਂ ਪੰਜਾਬ ਪ੍ਰਧਾਨ ਠੇਕੇਦਾਰ ਗੁਰਜਿੰਦਰ ਸਿੰਘ ਦੌਲਤਪੁਰ ਦੀ ਅਗਵਾਈ ਹੇਠ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਪਿੰਡ ਦੀ ਸਰਪੰਚ ਹਰਜੀਤ ਕੌਰ, ਪੰਚ ਕੁਲਵੀਰ ਸਿੰਘ, ਤਾਰਾ ਸਿੰਘ ਫੌਜੀ, ਏਐਸਆਈ ਅਵਤਾਰ ਸਿੰਘ ਅਤੇ ਪੁਕਾਰ ਫਾਊਂਡੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਠੇਕੇਦਾਰ ਗੁਰਜਿੰਦਰ ਸਿੰਘ ਦੌਲਤਪੁਰ ਆਦਿ ਨੇ ਕਿਹਾ ਕਿ ਕਰਨੈਲ ਸਿੰਘ ਅੱਜ ਆਪਣੇ ਪਿਤਾ ਤਰਸੇਮ ਸਿੰਘ ਫੌਜੀ, ਮਾਤਾ ਸੱਤਿਆ ਕੌਰ ਅਤੇ ਪਰਿਵਾਰਕ ਮੈਂਬਰਾਂ ਸ਼ਿੰਗਾਰਾ ਸਿੰਘ, ਏਐਸਆਈ ਅਵਤਾਰ ਸਿੰਘ ਅਤੇ ਗੁਰਮੀਤ ਸਿੰਘ (ਤਿੰਨੇ ਭਰਾ) ਦੇ ਸਹਿਯੋਗ ਅਤੇ ਅਸ਼ੀਰਵਾਦ ਸਦਕਾ ਇਸ ਮੁਕਾਮ ’ਤੇ ਪੁੱਜੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਐਸਬੀਐਸ ਨਗਰ, ਪੂਰੇ ਇਲਾਕੇ ਅਤੇ ਪਿੰਡ ਸ਼ਾਹਪੁਰ ਪੱਟੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਆਪਣੀ ਮਿਹਨਤ, ਇਮਾਨਦਾਰੀ ਅਤੇ ਡਿਊਟੀ ਪ੍ਰਤੀ ਹਮੇਸ਼ਾ ਸਮਰਪਿਤ ਭਾਵਨਾ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਅੱਜ ਉਹ ਇਲਾਕੇ ਦੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਵੀ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਵਧੀਆ ਢੰਗ ਨਾਲ ਅਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਈਆਂ ਹਨ। ਇਸ ਮੌਕੇ ਉਨ੍ਹਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਸਦਾ ਸਿਹਤਮੰਦ ਰਹਿਣ ਅਤੇ ਸਮਾਜ ਦੀ ਸੇਵਾ ਕਰਦੇ ਰਹਿਣ।
ਇਸ ਮੌਕੇ ਡੀਐਸਪੀ ਕਰਨੈਲ ਸਿੰਘ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅੱਗੇ ਵੀ ਪੂਰੀ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਿਰੁੱਧ ਇਸ ਲੜਾਈ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਆਪਣਾ ਬਣਦਾ ਯੋਗਦਾਨ ਦੇਣ।
ਇਸ ਮੌਕੇ ਪੁਕਾਰ ਫਾਊਂਡੇਸ਼ਨ ਵੱਲੋਂ ਡੀਐਸਪੀ ਕਰਨੈਲ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਗੁਰਵਿੰਦਰ ਕੌਰ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪਿੰਡ ਸ਼ਾਹਪੁਰ ਪੱਟੀ ਦੇ ਪਤਵੰਤਿਆਂ ਅਤੇ ਹੋਰਨਾਂ ਵੱਲੋਂ ਵੀ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਰਮਨ ਕੁਮਾਰ, ਸੁਰਿੰਦਰ ਸਿੰਘ ਰਾਹੋਂ, ਕੁਲਵਿੰਦਰ ਸਿੰਘ ਰਾਣੇਵਾਲ, ਅਜੀਤ ਸਿੰਘ ਸਾਬਕਾ ਸਰਪੰਚ, ਸਚਿਨ ਕੁਮਾਰ ਰਾਜੂ, ਮੇਜਰ ਰਾਮ, ਸਮਾਜ ਸੇਵਕ ਵਾਸਦੇਵ ਪਰਦੇਸੀ, ਜਗਤਾਰ ਸਿੰਘ ਮਹਿੰਦੀਪੁਰ, ਹਰਭਜਨ ਸਿੰਘ ਉਸਮਾਨਪੁਰ, ਜਤਿੰਦਰ ਸਿੰਘ ਭੰਗੂ, ਜੀਵਨ ਸਿੰਘ ਸੇਵਾਮੁਕਤ ਇੰਸਪੈਕਟਰ, ਬਾਰੂ ਰਾਮ, ਚਮਨ ਸਿੰਘ ਅਤੇ ਦੇਵ ਰਾਜ ਸੇਵਾਮੁਕਤ ਹੈੱਡ ਟੀਚਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
