ਬਲਾਚੌਰ, 19 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ):- ਪੰਜਾਬ ਵਿੱਚੋਂ ਮੈਡੀਕਲ ਨਸ਼ੇ ਖ਼ਤਮ ਕਰਨ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸਬ-ਡਿਵੀਜ਼ਨ ਬਲਾਚੌਰ ਦੇ ਡੀਐਸਪੀ ਹੇਮੰਤ ਮਲਹੋਤਰਾ ਨੇ ਬਲਾਚੌਰ ਸਬ-ਡਿਵੀਜ਼ਨ ਦੇ ਸਮੂਹ ਕੈਮਿਸਟਾਂ ਨਾਲ ਹੰਗਾਮੀ ਮੀਟਿੰਗ ਕੀਤੀ। ਉਨ੍ਹਾਂ ਕੈਮਿਸਟਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਕੈਮਿਸਟ ਨਸ਼ੀਲੀਆਂ ਦਵਾਈਆਂ ਵੇਚਦਾ ਫੜਿਆ ਗਿਆ ਤਾਂ ਪੁਲਿਸ ਵੱਲੋਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਸਜ਼ਾ ਦਿਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੈਮਿਸਟ ਨੂੰ ਕਿਸੇ ਵੀ ਮੈਡੀਕਲ ਸਟੋਰ 'ਤੇ ਨਸ਼ੀਲੇ ਪਦਾਰਥ ਵਿਕਣ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕਰੇ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਬੱਚਿਆਂ ਨੂੰ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਕੈਮਿਸਟ ਐਸੋਸੀਏਸ਼ਨ ਬਲਾਚੌਰ ਦੇ ਪ੍ਰਧਾਨ ਡਾਕਟਰ ਐਸ.ਕੇ. ਪਨੇਸਰ, ਜਨਰਲ ਸਕੱਤਰ ਜਗਦੀਸ਼ ਛਾਬੜਾ ਅਤੇ ਕਾਠਗੜ੍ਹ ਦੇ ਡਾਕਟਰ ਬਲਦੇਵ ਸਿੰਘ ਪਨੇਸਰ ਨੂੰ ਕਿਹਾ ਕਿ ਉਹ ਆਪਣੇ ਪੱਧਰ 'ਤੇ ਸਮੂਹ ਕੈਮਿਸਟਾਂ ਨੂੰ ਸਖ਼ਤ ਚਿਤਾਵਨੀ ਦੇਣ ਕਿ ਕੋਈ ਵੀ ਕੈਮਿਸਟ ਡਾਕਟਰ ਦੀ ਪਰਚੀ ਤੋਂ ਬਿਨਾਂ ਕਿਸੇ ਨੂੰ ਦਵਾਈ ਨਾ ਦੇਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਕੈਮਿਸਟ ਨਸ਼ੀਲੀਆਂ ਦਵਾਈਆਂ ਵੇਚਦਾ ਫੜਿਆ ਜਾਂਦਾ ਹੈ ਤਾਂ ਕੈਮਿਸਟ ਐਸੋਸੀਏਸ਼ਨ ਉਸ ਦਾ ਸਾਥ ਨਾ ਦੇਵੇ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਐਸ.ਕੇ. ਪਨੇਸਰ ਨੇ ਪੁਲਿਸ ਪ੍ਰਸ਼ਾਸਨ ਨੂੰ ਭਰੋਸਾ ਦਿਵਾਇਆ ਕਿ ਕੈਮਿਸਟ ਐਸੋਸੀਏਸ਼ਨ ਨਸ਼ਾ ਵੇਚਣ ਵਾਲੇ ਕਿਸੇ ਵੀ ਕੈਮਿਸਟ ਦਾ ਸਾਥ ਨਹੀਂ ਦੇਵੇਗੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਥਾਣਾ ਸਿਟੀ ਬਲਾਚੌਰ ਤੋਂ ਰਾਜਪਰਵਿੰਦਰ ਕੌਰ ਅਤੇ ਥਾਣਾ ਸਦਰ ਬਲਾਚੌਰ ਦੇ ਇੰਸਪੈਕਟਰ ਆਰ.ਐੱਸ. ਬਾਜਵਾ ਵੀ ਹਾਜ਼ਰ ਸਨ।
ਮੀਟਿੰਗ ਵਿੱਚ ਬਲਾਚੌਰ, ਕਾਠਗੜ੍ਹ, ਟੌਂਸਾ, ਰੇਲਮਾਜਰਾ, ਮਜਾਰੀ, ਸੜੋਆ, ਪੋਜੇਵਾਲ, ਚਨਕੌਆ, ਭੱਦੀ, ਸੁੱਧਾਮਾਜਰਾ ਅਤੇ ਰੱਤੇਵਾਲ ਦੇ ਕੈਮਿਸਟ ਹਾਜ਼ਰ ਸਨ।
